
ਲਾਲ ਕਿਲ੍ਹਾ ਹਿੰਸਾ : ਬੂਟਾ ਸਿੰਘ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ
ਨਵੀਂ ਦਿੱਲੀ, 1 ਜੁਲਾਈ : ਦਿੱਲੀ ਦੀ ਇਕ ਅਦਾਲਤ ਨੇ ਗਣਤੰਤਰ ਦਿਵਸ 'ਤੇ ਲਾਲ ਕਿਲ੍ਹੇ 'ਚ ਹਿੰਸਾ ਅਤੇ ਭੰਨਤੋੜ ਵਿਚ ਸ਼ਮੂਲੀਅਤ ਦੇ ਮਾਮਲੇ ਵਿਚ ਪੁਛਗਿੱਛ ਲਈ 26 ਸਾਲਾ ਇਕ ਪ੍ਰਦਰਸ਼ਨਕਾਰੀ ਬੂਟਾ ਸਿੰਘ ਨੂੰ 5 ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜਿਆ ਗਿਆ ਹੈ | ਦਿੱਲੀ 'ਚ 26 ਜਨਵਰੀ ਨੂੰ ਕਿਸਾਨਾਂ ਦੀ ਰੈਲੀ ਦੌਰਾਨ ਲਾਲ ਕਿਲ੍ਹੇ 'ਤੇ ਹਿੰਸਾ ਅਤੇ ਭੰਨਤੋੜ ਦੀ ਘਟਨਾ ਹੋਈ ਸੀ | ਕਿਸਾਨਾਂ ਦੇ ਪ੍ਰਦਰਸ਼ਨ 'ਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਦੋਸ਼ੀ ਬੂਟਾ ਸਿੰਘ ਨੂੰ ਬੁਧਵਾਰ ਨੂੰ ਪੰਜਾਬ ਦੇ ਤਰਨਤਾਰਨ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ | ਉਸ ਦੇ ਸਿਰ 'ਤੇ 50 ਹਜ਼ਾਰ ਰੁਪਏ ਦਾ ਇਨਾਮ ਸੀ ਅਤੇ ਉਹ ਪਿਛਲੇ 5 ਮਹੀਨਿਆਂ ਤੋਂ ਫਰਾਰ ਸੀ |
ਦਿੱਲੀ ਪੁਲਿਸ ਨੇ ਮੈਟਰੋਪਾਲਿਟਨ ਮੈਜਿਸਟਰੇਟ ਸ਼ਿਵਲੀ ਤਲਵਾਰ ਨੂੰ ਦਸਿਆ ਕਿ ਰਿਮਾਂਡ ਮਿਆਦ ਦੌਰਾਨ ਦੋਸ਼ੀ ਨੂੰ ਜਾਂਚ ਲਈ ਇਥੋਂ ਕਰੀਬ 500 ਕਿਲੋਮੀਟਰ ਦੂਰ ਤਰਨਤਾਰਨ ਲਿਜਾਇਆ ਜਾਵੇਗਾ | ਪੁਲਿਸ ਨੇ ਕਿਹਾ ਕਿ ਉਹ ਕਥਿਤ ਯੋਜਨਾ ਲਈ ਧਨ ਦੇ ਸਰੋਤ, ਉਸ ਦੇ ਬੈਂਕ ਖਾਤਿਆਂ ਵਿਚ ਪੈਸੇ
ਜਮ੍ਹਾ ਹੋਣ ਬਾਰੇ ਪਤਾ ਲਗਾਏਗੀ, ਉਸ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕਰੇਗੀ, ਮੋਬਾਈਲ ਬਰਾਮਦ ਕਰੇਗੀ ਅਤੇ ਘਟਨਾ ਦੇ ਸਮੇਂ ਪਹਿਨੇ ਗਏ ਕਪੜੇ ਜਬਤ ਕਰੇਗੀ | ਪੁਲਿਸ ਨੇ ਇਹ ਵੀ ਕਿਹਾ ਕਿ ਦੋਸ਼ੀ ਨੂੰ ਵੀਡੀਉ ਕਲਿਪ ਅਤੇ ਸੀ.ਸੀ.ਟੀ.ਵੀ. ਫੁਟੇਜ ਦਿਖਾ ਕੇ ਉਸ ਨਾਲ ਸਿੰਘੂ ਸਰਹੱਦ ਤੋਂ ਲਾਲ ਕਿਲ੍ਹੇ ਆਉਣ ਵਾਲੇ ਅਤੇ ਭੰਨਤੋੜ ਕਰਨ ਵਾਲੇ ਸਹਿ-ਦੋਸ਼ੀਆਂ ਦੀ ਪਛਾਣ ਕਰਵਾਏਗੀ | ਜੱਜ ਨੇ 30 ਜੂਨ ਨੂੰ ਪਾਸ ਕੀਤੇ ਹੁਕਮ 'ਚ ਦੋਸ਼ੀ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਣ ਦਾ ਹੁਕਮ ਦਿਤਾ | (ਏਜੰਸੀ)