
ਬਰਗਾੜੀ ਇਨਸਾਫ਼ ਮੋਰਚੇ ਦੀ ਸ਼ੁਰੂਆਤ ਤੋਂ ਕੱੁਝ ਸਮੇਂ ਬਾਅਦ ਹੀ ਗਰਮ ਹੋਇਆ ਮਾਹੌਲ, ਮੋਰਚਾ ਪੁੱਟਿਆ
ਕੋਟਕਪੂਰਾ, 1 ਜੁਲਾਈ (ਗੁਰਿੰਦਰ ਸਿੰਘ) : ਲਗਭਗ ਇਕ ਮਹੀਨਾ ਪਹਿਲਾਂ 1 ਜੂਨ ਵਾਲੇ ਦਿਨ ਬਰਗਾੜੀ ਵਿਖੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਜੇਕਰ ਸਰਕਾਰ ਨੇ 30 ਦਿਨਾਂ ਦੇ ਅੰਦਰ ਅੰਦਰ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਜੇਲਾਂ ਵਿਚ ਨਾ ਭੇਜਿਆ ਅਤੇ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਨਾ ਦਿਤਾ ਤਾਂ ਉਹ 1 ਜੁਲਾਈ ਤੋਂ ਬਰਗਾੜੀ ਵਿਖੇ ਦੁਬਾਰਾ ਫਿਰ ਇਨਸਾਫ਼ ਮੋਰਚਾ ਸ਼ੁਰੂ ਕਰਨ ਲਈ ਮਜਬੂਰ ਹੋਣਗੇ।
ਅੱਜ ਬਰਗਾੜੀ ਇਨਸਾਫ਼ ਮੋਰਚੇ ਦੀ ਸ਼ੁਰੂਆਤ ਤੋਂ ਕੁੱਝ ਸਮੇਂ ਬਾਅਦ ਹੀ ਪੁਲਿਸ ਨੇ ਸਿਮਰਨਜੀਤ ਸਿੰਘ ਮਾਨ ਨੂੰ ਹਿਰਾਸਤ ਵਿਚ ਲੈ ਲਿਆ ਪਰ ਸ੍ਰ. ਮਾਨ ਨੇ ਆਖਿਆ ਕਿ ਇਹ ਮੋਰਚਾ ਜਸਕਰਨ ਸਿੰਘ ਕਾਹਨ ਵਾਲਾ ਦੀ ਅਗਵਾਈ ਵਿਚ ਜਾਰੀ ਰਹੇਗਾ। ਸ. ਮਾਨ ਤੋਂ ਬਾਅਦ ਪੁਲਿਸ ਨੇ ਇਕ ਇਕ ਕਰ ਕੇ ਸਾਰਿਆਂ ਨੂੰ ਹਿਰਾਸਤ ਵਿਚ ਲੈ ਲਿਆ, ਕਈ ਸ਼ਾਂਤੀਪੂਰਵਕ ਤਰੀਕੇ ਨਾਲ ਗਿ੍ਰਫ਼ਤਾਰੀ ਦੇਣ ਲਈ ਤਿਆਰ ਹੋ ਗਏ ਤੇ ਜਿਨ੍ਹਾਂ ਨੇ ਵਿਰੋਧ ਕੀਤਾ ਪੁਲਿਸ ਵਲੋਂ ਉਨ੍ਹਾਂ ਨਾਲ ਖਿੱਚਧੂਹ ਵੀ ਕੀਤੀ ਗਈ। ਪੁਲਿਸ ਧਰਨਾਕਾਰੀਆਂ ਨੂੰ ਵੱਖ-ਵੱਖ ਥਾਣਿਆਂ ’ਚ ਬੰਦ ਕਰਨ ਲਈ ਰਵਾਨਾ ਹੋ ਗਈ ਤੇ ਪਿੱਛੋਂ ਪੁਲਿਸ ਨੇ ਟੈਂਟ ਪੁੱਟ ਦਿਤਾ ਅਤੇ ਦਰੀਆਂ ਸਮੇਟ ਦਿਤੀਆਂ। ਜਦੋਂ ਪੁਲਿਸ ਵਲੋਂ ਧਰਨਾਕਾਰੀਆਂ ਨੂੰ ਗਿ੍ਰਫ਼ਤਾਰ ਕੀਤਾ ਜਾ ਰਿਹਾ ਸੀ ਤਾਂ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਬਾਦਲ-ਕੈਪਟਨ ਮੁਰਦਾਬਾਦ ਦੇ ਨਾਹਰੇ ਲਾਏ ਜਾ ਰਹੇ ਸਨ।
ਧਰਨੇ ਦੀ ਸਮਾਪਤੀ ਤੋਂ ਪਹਿਲਾਂ ਅਪਣੇ ਸੰਬੋਧਨ ਦੌਰਾਨ ਸਿਮਰਨਜੀਤ ਸਿੰਘ ਮਾਨ, ਜਸਕਰਨ ਸਿੰਘ ਕਾਹਨ ਵਾਲਾ, ਗੁਰਸੇਵਕ ਸਿੰਘ ਜਵਾਹਰਕੇ, ਪਰਮਿੰਦਰ ਸਿੰਘ ਬਾਲਿਆਂਵਾਲੀ, ਰਣਜੀਤ ਸਿੰਘ ਵਾਂਦਰ ਸਮੇਤ ਹੋਰ ਬੁਲਾਰਿਆਂ ਨੇ ਆਖਿਆ ਕਿ ਤਤਕਾਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਤੋਂ ਇਨਸਾਫ਼ ਨਾ ਮਿਲਿਆ ਤਾਂ ਕੈਪਟਨ ਸਰਕਾਰ ਦੇ ਵਾਅਦਿਆਂ ਅਤੇ ਦਾਅਵਿਆਂ ਤੋਂ ਬਾਅਦ ਆਸ ਦੀ ਕਿਰਨ ਜਾਗੀ ਸੀ ਪਰ ਬਾਦਲ ਅਤੇ ਕੈਪਟਨ ਨੇ ਇਸ ਮੁੱਦੇ ’ਤੇ ਸਿਰਫ਼ ਸਿਆਸੀ ਰੋਟੀਆਂ ਹੀ ਸੇਕੀਆਂ। ਉਨ੍ਹਾਂ ਪਾਵਨ ਸਰੂਪ ਦੀ ਚੋਰੀ, ਭੜਕਾਊ ਪੋਸਟਰ ਲਾਉਣ, ਬੇਅਦਬੀ ਕਾਂਡ ਨੂੰ ਅੰਜਾਮ ਦੇਣ, ਕੋਟਕਪੁੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਵਾਲੀਆਂ ਘਟਨਾਵਾਂ ਲਈ ਬਾਦਲ ਪ੍ਰਵਾਰ ਅਤੇ ਸੁਮੇਧ ਸੈਣੀ ਸਿੱਧੇ ਤੇ ਅਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਨਸਾਫ਼ ਮਿਲਣ ਤਕ ਸੰਘਰਸ਼ ਜਾਰੀ ਰਹੇਗਾ। ਉਕਤ ਘਟਨਾ ਦਾ ਅਫ਼ਸੋਸਨਾਕ ਤੇ ਦੁਖਦਾਇਕ ਪਹਿਲੂ ਇਹ ਵੀ ਹੈ ਕਿ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਦਾ ਇਨਸਾਫ਼ ਲੈਣ ਲਈ 6 ਸਾਲ ਬਾਅਦ ਵੀ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਪੰਥਦਰਦੀਆਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ।