
ਇਸ ਸਬੰਧੀ ਬੀਤੇ ਦਿਨ ਦਿੱਲੀ ਵਿਚ ਸੀਐਮ ਭਗਵੰਤ ਮਾਨ ਅਤੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦਰਮਿਆਨ ਤਿੰਨ ਘੰਟੇ ਤੱਕ ਮੰਥਨ ਹੋਇਆ
ਚੰਡੀਗੜ੍ਹ: ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਜਲਦੀ ਹੀ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵਿਚ 5 ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ। ਇਹਨਾਂ ਵਿਚੋਂ 2 ਮੰਤਰੀ ਉਹ ਹੋਣਗੇ ਜੋ ਦੂਜੀ ਵਾਰ ਵਿਧਾਇਕ ਚੁਣ ਕੇ ਆਏ ਹਨ। ਇਹਨਾਂ ਵਿਚ ਅਮਨ ਅਰੋੜਾ, ਪ੍ਰੋਫੈਸਰ ਬਲਜਿੰਦਰ ਕੌਰ ਅਤੇ ਸਰਵਜੀਤ ਕੌਰ ਮਾਣੂੰਕੇ ਮੰਤਰੀ ਅਹੁਦੇ ਦੀ ਦੌੜ ਵਿਚ ਹਨ।
ਦੂਜੀ ਵਾਰ ਵਿਧਾਇਕ ਬਣਨ ਵਾਲਿਆਂ ਵਿਚ ਕੁਲਤਾਰ ਸੰਧਵਾ ਵਿਧਾਨ ਸਭਾ ਦੇ ਸਪੀਕਰ ਅਤੇ ਜੈ ਕ੍ਰਿਸ਼ਨ ਰੋੜੀ ਡਿਪਟੀ ਸਪੀਕਰ ਬਣ ਗਏ ਹਨ। ਇਸ ਦੇ ਨਾਲ ਹੀ ਮੀਤ ਹੇਅਰ ਅਤੇ ਹਰਪਾਲ ਚੀਮਾ ਪਹਿਲਾਂ ਹੀ ਮੰਤਰੀ ਬਣ ਚੁੱਕੇ ਹਨ। ਇਸ ਸਬੰਧੀ ਬੀਤੇ ਦਿਨ ਦਿੱਲੀ ਵਿਚ ਸੀਐਮ ਭਗਵੰਤ ਮਾਨ ਅਤੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦਰਮਿਆਨ ਤਿੰਨ ਘੰਟੇ ਤੱਕ ਮੰਥਨ ਹੋਇਆ, ਜਿਸ ਵਿਚ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਮੌਜੂਦ ਸਨ।
ਮਾਨ ਸਰਕਾਰ ਵਿਚ ਸਿਰਫ਼ ਇਕ ਮਹਿਲਾ ਮੰਤਰੀ ਡਾ. ਬਲਜੀਤ ਕੌਰ ਹੈ। ਮੰਤਰੀ ਮੰਡਲ ਦੇ ਵਿਸਥਾਰ ਵਿਚ ਇਕ ਹੋਰ ਮਹਿਲਾ ਮੰਤਰੀ ਨੂੰ ਸ਼ਾਮਲ ਕੀਤਾ ਜਾਵੇਗਾ। ਮਹਿਲਾ ਵਿਧਾਇਕਾਂ 'ਚੋਂ ਰਾਜਪੁਰਾ ਤੋਂ ਨੀਨਾ ਮਿੱਤਲ, ਖਰੜ ਤੋਂ ਅਨਮੋਲ ਗਗਨ ਮਾਨ ਅਤੇ ਇੰਦਰਜੀਤ ਕੌਰ ਨੂੰ ਸ਼ਾਮਲ ਕੀਤੇ ਜਾਣ ਦੀ ਚਰਚਾ ਹੈ। 2 ਦੂਜੀ ਵਾਰ ਵਿਧਾਇਕ ਬਣਨ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ ਤੋਂ ਵੀ ਮੰਤਰੀ ਬਣਾਇਆ ਜਾ ਸਕਦਾ ਹੈ। ਨਵੇਂ ਨਿਯੁਕਤ ਮੰਤਰੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਹਨ। ਖਾਸ ਕਰਕੇ ਸਿਹਤ, ਸਥਾਨਕ ਸਰਕਾਰਾਂ ਵਰਗੇ ਵੱਡੇ ਵਿਭਾਗ ਇਸ ਸਮੇਂ ਮੁੱਖ ਮੰਤਰੀ ਕੋਲ ਹਨ।
ਪੰਜਾਬ ਸਰਕਾਰ ਵਿਚ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ। ਮਾਨ ਸਰਕਾਰ ਨੇ ਪਹਿਲਾਂ ਮੁੱਖ ਮੰਤਰੀ ਤੋਂ ਇਲਾਵਾ 10 ਮੰਤਰੀ ਬਣਾਏ ਸਨ। ਹਾਲਾਂਕਿ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੁਣ ਸਰਕਾਰ ਵਿਚ 8 ਹੋਰ ਮੰਤਰੀ ਬਣਾਏ ਜਾ ਸਕਦੇ ਹਨ। ਫਿਲਹਾਲ ਸਰਕਾਰ 5 ਮੰਤਰੀ ਬਣਾ ਕੇ 3 ਸੀਟਾਂ ਖਾਲੀ ਰੱਖੇਗੀ।