
ਕਿਹਾ -ਕਿਸੇ ਵੀ ਸਰਕਾਰ ਵੱਲੋਂ ਕੋਈ ਮਦਦ ਜਾਂ ਸਹੂਲਤ ਨਹੀਂ ਦਿੱਤੀ ਗਈ
Barnala News : ਸੋਮਵਾਰ ਨੂੰ ਸੰਸਦ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਫੌਜ 'ਚ ਅਗਨੀਵੀਰ ਯੋਜਨਾ 'ਤੇ ਸਵਾਲ ਚੁੱਕੇ ਸਨ। ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੌਰਾਨ ਪੰਜਾਬ ਦੇ ਇਕ ਅਗਨੀਵੀਰ ਦੀ ਸ਼ਹਾਦਤ ਅਤੇ ਉਸ ਦੇ ਪਰਿਵਾਰ ਦਾ ਜ਼ਿਕਰ ਕੀਤਾ ਹੈ। ਜਿਸ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਦੇ ਸ਼ਹੀਦ ਅਗਨੀਵੀਰ ਦੇ ਪਰਿਵਾਰ ਨੇ ਕੈਮਰੇ ਸਾਹਮਣੇ ਆ ਕੇ ਸਰਕਾਰ 'ਤੇ ਸਵਾਲ ਉਠਾਏ ਹਨ ਅਤੇ ਅਗਨੀਵੀਰ ਯੋਜਨਾ ਦਾ ਵੀ ਵਿਰੋਧ ਕੀਤਾ ਹੈ।
ਬਰਨਾਲਾ ਦੇ ਪਿੰਡ ਮਹਿਤਾ ਦਾ ਅਗਨੀਵੀਰ ਸੁਖਵਿੰਦਰ ਸਿੰਘ ਅਪ੍ਰੈਲ 2024 ਵਿੱਚ ਡਿਊਟੀ ਦੌਰਾਨ ਜੰਮੂ ਵਿੱਚ ਸ਼ਹੀਦ ਹੋ ਗਿਆ ਸੀ ਪਰ ਉਸ ਦੇ ਪਰਿਵਾਰ ਨੂੰ ਕਿਸੇ ਵੀ ਸਰਕਾਰ ਵੱਲੋਂ ਕੋਈ ਮਦਦ ਜਾਂ ਸਹੂਲਤ ਨਹੀਂ ਦਿੱਤੀ ਗਈ। ਜਿਸ ਕਾਰਨ ਸ਼ਹੀਦ ਅਗਨੀਵੀਰ ਦਾ ਪਰਿਵਾਰ ਸਰਕਾਰ ਤੋਂ ਨਾਰਾਜ਼ ਹੈ।
ਅਗਨੀਵੀਰ ਸੁਖਵਿੰਦਰ ਸਿੰਘ ਦੀ ਮਾਤਾ ਨੇ ਅਗਨੀਵੀਰ ਸਕੀਮ ਦਾ ਸਿੱਧਾ ਵਿਰੋਧ ਕੀਤਾ ਹੈ। ਸ਼ਹੀਦ ਅਗਨੀਵੀਰ ਦੀ ਮਾਤਾ ਅਤੇ ਦਾਦੀ ਨੇ ਭਰੇ ਮਨ ਨਾਲ ਕਿਹਾ ਕਿ ਸੁਖਵਿੰਦਰ ਸਿੰਘ ਦੇ ਪਿਤਾ ਫੌਜ ਵਿੱਚ ਸਨ ਅਤੇ ਅੱਜ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਨੌਕਰੀ ਦੀਆਂ ਸਹੂਲਤਾਂ ਮਿਲ ਰਹੀਆਂ ਹਨ ਪਰ ਸੁਖਵਿੰਦਰ ਸਿੰਘ ਵੀ ਦੇਸ਼ ਲਈ ਸ਼ਹੀਦ ਹੋ ਗਿਆ, ਇਸ ਦੇ ਬਾਵਜੂਦ ਸਰਕਾਰ ਨੇ ਅਜਿਹਾ ਕੀਤਾ ਤੇ ਉਨ੍ਹਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲ ਰਹੀ।
ਮਾਤਾ ਰਣਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੁਖਵਿੰਦਰ ਸਿੰਘ 25 ਦਸੰਬਰ 2022 ਨੂੰ ਅਗਨੀਵੀਰ ਸਕੀਮ ਰਾਹੀਂ ਭਾਰਤੀ ਫੌਜ 'ਚ ਭਰਤੀ ਹੋਇਆ ਸੀ ਅਤੇ 16 ਅਪ੍ਰੈਲ 2024 ਨੂੰ ਸ਼ਹੀਦ ਹੋ ਗਿਆ ਸੀ। 16 ਤਰੀਕ ਨੂੰ ਪਰਿਵਾਰ ਨੂੰ ਸੁਖਵਿੰਦਰ ਦੀ ਸ਼ਹਾਦਤ ਬਾਰੇ ਫ਼ੋਨ 'ਤੇ ਸੂਚਿਤ ਕੀਤਾ ਗਿਆ ਅਤੇ ਅਗਲੇ ਦਿਨ ਉਸ ਦੇ ਪਿਤਾ ਘਰ ਆ ਗਏ। ਉਨ੍ਹਾਂ ਦੱਸਿਆ ਕਿ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਸੁਖਵਿੰਦਰ ਸਿੰਘ ਦੀ ਪਹਿਲੀ ਪੋਸਟਿੰਗ ਜੰਮੂ ਵਿੱਚ ਹੋਈ ਸੀ ਅਤੇ ਉੱਥੇ ਹੀ ਸੁਖਵਿੰਦਰ ਸਿੰਘ ਸ਼ਹੀਦ ਹੋ ਗਿਆ ਹੈ।
ਸ਼ਹੀਦ ਦੀ ਦਾਦੀ ਗੁਰਦੇਵ ਕੌਰ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਪਿਤਾ ਫੌਜ ਵਿੱਚ ਸਨ, ਜਿਸ ਕਾਰਨ ਪੋਤਰੇ ਸੁਖਵਿੰਦਰ ਸਿੰਘ ਨੂੰ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਬੱਚਾ ਫੌਜ ਵਿੱਚ ਸ਼ਹੀਦ ਹੋਇਆ ਹੈ। ਹਾਲਾਂਕਿ ਸਾਡਾ ਬੱਚਾ ਵਾਪਸ ਨਹੀਂ ਆ ਸਕਦਾ ਪਰ ਸਰਕਾਰ ਨੇ ਪਰਿਵਾਰ ਨੂੰ ਕੋਈ ਮਦਦ ਨਹੀਂ ਦਿੱਤੀ।