
ਸਰਕਾਰੀ ਸਕੂਲਾਂ ਦੇ ਕੰਮ-ਕਾਜ ਅਤੇ ਸਿੱਖਣ-ਸਿਖਾਉਣ ਪ੍ਰਕਿਰਿਆ ਦੇ ਪੱਧਰ ਨੂੰ ਪਤਾ ਲਗਾਉਣ ਲਈ ਵਿਭਾਗ ਵਲੋਂ ਬਣਾਈਆਂ 19 ਸੁਧਾਰ ਟੀਮਾਂ...............
ਐਸ.ਏ.ਐਸ.ਨਗਰ : ਸਰਕਾਰੀ ਸਕੂਲਾਂ ਦੇ ਕੰਮ-ਕਾਜ ਅਤੇ ਸਿੱਖਣ-ਸਿਖਾਉਣ ਪ੍ਰਕਿਰਿਆ ਦੇ ਪੱਧਰ ਨੂੰ ਪਤਾ ਲਗਾਉਣ ਲਈ ਵਿਭਾਗ ਵਲੋਂ ਬਣਾਈਆਂ 19 ਸੁਧਾਰ ਟੀਮਾਂ ਵਲੋਂ ਅੱਜ ਜ਼ਿਲ੍ਹੇ ਦੇ 123 ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ। ਨਿਰੀਖਣ ਦੌਰਾਨ ਸਰਕਾਰੀ ਸਕੂਲਾਂ ਦੇ 4 ਅਧਿਆਪਕ ਲੇਟ ਹਾਜ਼ਰ ਪਾਏ। ਇਸ ਦੌਰਾਨ ਟੀਮਾਂ ਨੇ ਰਿਪੋਰਟ ਕੀਤੀ ਕਿ ਨਿਰੀਖਣ ਦੌਰਾਨ ਅਧਿਆਪਕ 1 ਗੈਰਹਾਜ਼ਰ ਸੀ ਅਤੇ 2 ਅਧਿਆਪਕ ਲੰਬੇ ਸਮੇਂ ਤੋਂ ਗੈਰਹਾਜ਼ਰ ਚਲ ਰਹੇ ਹਨ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਨਿਰੀਖਣ ਉਪਰੰਤ ਰਿਪੋਰਟ ਪ੍ਰਾਪਤ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ
ਦੇ ਆਡੀਟੋਰੀਅਮ 'ਚ ਇਕੱਤਰ ਸਕੂਲਾਂ ਦੇ ਮੁਖੀਆਂ/ਪ੍ਰਿੰਸੀਪਲਾਂ, ਨਿਰੀਖਣ ਟੀਮਾ ਅਤੇ ਸਿੱਖਿਆ ਵਿਭਾਗ ਦੇ ਦਫਤਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਪ੍ਰਾਇਮਰੀ, ਪ੍ਰਿੰਸੀਪਲ ਡਾਇਟ ਤੇ ਆਹਲਾ ਅਧਿਕਾਰੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਮੁਖੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਨੂੰ ਚੁਸਤ-ਦਰੁਸਤ ਰੱਖਣ ਲਈ ਮਹੱਤਵਪੂਰਨ ਯੋਗਦਾਨ ਪਾਉਣ ਸਕੂਲਾ 'ਚ ਸਿੱਖਿਆ ਪੱਧਰ ਉੱਚਾ ਚੁੱਕਣ ਲਈ ਸਮੇਂ ਦਾ ਪਾਬੰਦ ਹੋਣ ਦੇ ਨਾਲ-ਨਾਲ ਅਧਿਆਪਕਾ ਦੇ ਕੰਮਾਂ ਦਾ ਨਿਪਟਾਰਾ ਸਮੇਂ ਦੇ ਅੰਦਰ ਹੋਣਾ, ਅਧਿਆਪਕਾਂ ਦੀਆਂ ਸਿੱਖਣ-ਸਿਖਾਉਣ ਵਿਧੀਆ ਦੀ ਉਚਿਤ ਸਿਖਲਾਈ ਹੋਣਾ,
ਬਾਲ ਕੇਂਦਰਿਤ ਵਿਧੀਆਂ ਨਾਲ ਪੜ੍ਹਾ ਕੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ, ਅਗਾਂਹਵਧੂ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨਾ ਆਦਿ ਮੁੱਦਿਆਂ 'ਤੇ ਸੰਜੀਦਗੀ ਨਾਲ ਕੰਮ ਕਰਨ। ਸਕੱਤਰ ਸਕੂਲ ਸਿੱਖਿਆ ਨੇ ਨਿਰੀਖਣ ਦੌਰਾਨ ਲੇਟ, ਗੈਰਹਾਜਰ ਅਤੇ ਲੰਬੀ ਗੈਰਹਾਜਰੀ ਵਾਲੇ ਕਰਮਚਾਰੀਆਂ ਵਿਰੁਧ ਵਿਭਾਗੀ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੇ ਨਿਰਦੇਸ਼ ਸਿੱਖਿਆ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਨੂੰ ਦਿਤੇ। ਇਸ ਮੌਕੇ ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਇੰਦਰਜੀਤ ਸਿੰਘ ਅਤੇ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀ ਵੀ ਹਾਜ਼ਰ ਸਨ।