
ਟਾਵਰ 'ਤੇ ਚੜ੍ਹੇ ਵਿਅਕਤੀ ਵਲੋਂ ਖ਼ੁਦਕੁਸ਼ੀ
ਸ਼ੇਰਪੁਰ, 1 ਅਗੱਸਤ (ਬਲਜੀਤ ਸਿੰਘ ਟਿੱਬਾ) : ਸ਼ੇਰਪੁਰ ਬਲਾਕ ਦੇ ਪਿੰਡ ਮਾਹਮਦਪੁਰ ਵਿਖੇ ਪੰਚਾਇਤੀ ਕੰਮਾਂ ਨੂੰ ਲੈ ਕੇ ਹੋਈ ਧੜੇਬੰਦੀ ਦਿਨੋਂ ਦਿਨ ਖ਼ੂਨੀ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ। ਹੁਣ ਪਿੰਡ ਦੇ ਇਕ ਨੌਜਵਾਨ ਵਲੋਂ ਟਾਵਰ 'ਤੇ ਚੜ੍ਹ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਕਿ ਪਹਿਲਾਂ ਦੂਜੇ ਧੜੇ ਦਾ ਇਕ ਨੌਜਵਾਨ ਇਸ ਕਾਟੋ-ਕਲੇਸ਼ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀਣ ਨਾਲ ਅਪਣੀ ਜੀਵਨ ਲੀਲਾ ਸਮਾਪਤ ਕਰ ਚੁੱਕਾ ਹੈ। ਜਿਥੇ ਪਹਿਲਾਂ ਮ੍ਰਿਤਕ ਦੇ ਪਰਵਾਰ ਵਲੋਂ ਪਿੰਡ ਦੇ ਮੌਜੂਦਾ ਸਰਪੰਚ ਦੇ ਪਤੀ ਅਤੇ ਸਾਬਕਾ ਸਰਪੰਚ ਸੂਰਜ ਭਾਨ ਸਮੇਤ ਉਨ੍ਹਾਂ ਦੇ ਸਾਥੀਆਂ 'ਤੇ ਪਰਚਾ ਦਰਜ ਕਰਵਾਇਆ ਗਿਆ ਸੀ ਉਥੇ ਹੁਣ ਅੱਜ ਮ੍ਰਿਤਕ ਬਲਬੀਰ ਸਿੰਘ (35) ਪੁੱਤਰ ਬਲਵਿੰਦਰ ਸਿੰਘ ਦੇ ਪਰਵਾਰ ਨੇ 2 ਸਾਬਕਾ ਸਰਪੰਚਾਂ ਸਮੇਤ ਕੁਝ ਵਿਅਕਤੀਆਂ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਦਸਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਵੀਰ ਸਿੰਘ ਬੀਤੀ ਦੇਰ ਰਾਤ ਪਿੰਡ ਦੇ ਮੋਬਾਈਲ ਟਾਵਰ 'ਤੇ ਜਾ ਚੜ੍ਹਿਆ ਸੀ, ਉਹ ਵਿਰੋਧੀ ਧਿਰ ਵਿਰੁਧ ਪੁਲਿਸ ਕਾਰਵਾਈ ਨਾ ਹੋਣ ਅਤੇ ਪੁਲਿਸ ਵਲੋਂ ਉਸ ਦੇ ਪਰਵਾਰ ਵਿਰੁਧ ਬਿਨਾਂ ਜਾਂਚ ਕੀਤੇ ਕਥਿਤ ਝੂਠੇ ਮਾਮਲੇ ਦਰਜ ਹੋਣ ਕਰ ਕੇ ਦੁਖੀ ਸੀ। ਬੇਇਨਸਾਫ਼ੀ ਤੋਂ ਦੁਖੀ ਹੋ ਕੇ ਬਲਵੀਰ ਸਿੰਘ ਨੇ ਟਾਵਰ ਤੋਂ ਛਾਲ ਮਾਰ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮ੍ਰਿਤਕ ਦੇ ਪਰਵਾਰ ਅਤੇ ਧਰਨੇ 'ਚ ਸ਼ਾਮਲ ਬਲਾਕ ਸੰਮਤੀ ਮੈਂਬਰ ਜਸਮੇਲ ਸਿੰਘ, ਅਮਨਦੀਪ ਸਿੰਘ ਬਦੇਸ਼ਾ, ਸਰਪੰਚ ਉਰਮਿਲਾ ਦੇਵੀ, ਪ੍ਰਧਾਨ ਗੋਦਾ ਸਿੰਘ, ਭਗਵਾਨ ਸਿੰਘ, ਗੁਰਜੀਤ ਸਿੰਘ ਮਾਹਮਦਪੁਰ, ਮਹਿੰਦਰ ਸਿੰਘ ਜਗਰੂਪ ਸਿੰਘ ਬਾਠ, ਜਥੇਦਾਰ ਅਮਰਜੀਤ ਸਿੰਘ, ਸਰਪੰਚ ਬਹਾਦਰ ਸਿੰਘ ਬਾਗੜੀ ਕਾਤਰੋਂ, ਸਰਪੰਚ ਰਣਜੀਤ ਸਿੰਘ ਧਾਲੀਵਾਲ ਸ਼ੇਰਪੁਰ, ਸਰਪੰਚ ਅਮਨਦੀਪ ਸਿੰਘ ਕਲੇਰ, ਸਰਪੰਚ ਰਣਜੀਤ ਸਿੰਘ ਬਿੱਲੂ ਪੱਤੀ ਖਲੀਲ ਦਾ ਕਹਿਣਾ ਸੀ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ। ਜਿਸਨੂੰ ਲੈ ਕੇ ਬਾਅਦ ਦੁਪਹਿਰ ਪੀੜਤ ਪਰਵਾਰ ਅਤੇ ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਵਿਰੁਧ ਰੋਸ ਪ੍ਰਗਟ ਕਰਦੇ ਹੋਏ ਸ਼ੇਰਪੁਰ ਦੇ ਕਾਤਰੋਂ ਚੌਕ 'ਚ ਮ੍ਰਿਤਕ ਬਲਵੀਰ ਸਿੰਘ ਦੀ ਲਾਸ਼ ਨੂੰ ਰਖ ਕੇ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਦੀ ਮੰਗ ਕੀਤੀ ਅਤੇ ਮ੍ਰਿਤਕ ਦੇ ਪਰਵਾਰ ਵਿਰੁਧ ਦਰਜ ਕੀਤਾ ਮਾਮਲਾ ਰੱਦ ਕਰਨ ਦੀ ਮੰਗ ਕੀਤੀ।
ਖ਼ਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ। ਥਾਣਾ ਸ਼ੇਰਪੁਰ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੌਕੇ 'ਤੇ ਪੁੱਜ ਕੇ ਮ੍ਰਿਤਕ ਬਲਵੀਰ ਸਿੰਘ ਦੇ ਪਿਤਾ ਦੇ ਬਿਆਨਾਂ ਮੁਤਾਬਕ ਗੁਰਮੀਤ ਸਿੰਘ ਫ਼ੌਜੀ, ਗੁਰਮੀਤ ਸਿੰਘ (ਦੋਵੇਂ ਸਾਬਕਾ ਸਰਪੰਚ), ਬਲਜਿੰਦਰ ਸਿੰਘ, ਗੋਬਿੰਦ ਸਿੰਘ, ਭਰਪੂਰ ਸਿੰਘ ਸਮੇਤ ਅਣਪਛਾਤੇ ਵਿਅਕਤੀਆਂ 'ਤੇ ਆਤਮ ਹਤਿਆ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ।