
ਇਸ ਘਟਨਾ ਵਿਚ ਤਿੰਨ ਜ਼ਿਲ੍ਹਿਆਂ ਤਰਨ-ਤਾਰਨ, ਅੰਮ੍ਰਿਤਸਰ ਦਿਹਾਤੀ ਅਤੇ ਗੁਰਦਾਸਪੁਰ ਵਿਚ ਹੁਣ ਤਕ 86 ਵਿਅਕਤੀਆਂ ਦੀ ਜਾਨ ਚਲੀ ਗਈ।
ਚੰਡੀਗੜ੍ਹ, 1 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਕਲੀ ਸ਼ਰਾਬ ਕਾਰਨ ਵਾਪਰੀ ਦੁਖਦਾਇਕ ਘਟਨਾ 'ਚ ਅੱਜ 7 ਆਬਕਾਰੀ ਤੇ ਕਰ ਅਧਿਕਾਰੀ ਤੇ ਇੰਸਪੈਕਟਰ ਅਤੇ ਪੰਜਾਬ ਪੁਲੀਸ ਦੇ ਦੋ ਡੀ.ਐਸ.ਪੀਜ਼. ਅਤੇ ਚਾਰ ਐਸ.ਐਚ.ਓਜ਼. ਨੂੰ ਮੁਅੱਤਲ ਕਰ ਕੇ ਇਨ੍ਹਾਂ ਵਿਰੁਧ ਜਾਂਚ ਦੇ ਹੁਕਮ ਦਿਤੇ ਹਨ। ਇਸ ਘਟਨਾ ਵਿਚ ਤਿੰਨ ਜ਼ਿਲ੍ਹਿਆਂ ਤਰਨ-ਤਾਰਨ, ਅੰਮ੍ਰਿਤਸਰ ਦਿਹਾਤੀ ਅਤੇ ਗੁਰਦਾਸਪੁਰ ਵਿਚ ਹੁਣ ਤਕ 86 ਵਿਅਕਤੀਆਂ ਦੀ ਜਾਨ ਚਲੀ ਗਈ।
Îਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ 2-2 ਲੱਖ ਰੁਪਏ ਐਕਸ-ਗ੍ਰੇਸ਼ੀਆ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਇਨ੍ਹਾਂ ਵਿਚ ਬਹੁਤੇ ਤਰਨ-ਤਾਰਨ ਨਾਲ ਸਬੰਧਤ ਹਨ ਜਿਥੇ 63 ਮੌਤਾਂ ਹੋਈਆਂ ਹਨ ਜਦਕਿ ਅੰਮ੍ਰਿਤਸਰ ਦਿਹਾਤੀ ਵਿਚ 12 ਅਤੇ ਗੁਰਦਾਸਪੁਰ (ਬਟਾਲਾ) ਵਿਚ 11 ਮੌਤਾਂ ਹੋਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਵੀ ਸਰਕਾਰੀ ਕਰਮਚਾਰੀ ਜਾਂ ਹੋਰਾਂ ਦੀ ਮਿਲੀਭੁਗਤ ਸਾਹਮਣੇ ਆਉਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਨਕਲੀ ਸ਼ਰਾਬ ਬਣਾਉਣ ਅਤੇ ਵੇਚਣ ਨੂੰ ਰੋਕਣ ਵਿਚ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਨਾਕਾਮੀ ਨੂੰ ਸ਼ਰਮਨਾਕ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸਾਡੇ ਲੋਕਾਂ ਨੂੰ ਜ਼ਹਿਰ ਪਿਲਾਉਣ ਦੀ ਹਰਗਿਜ਼ ਇਜਾਜ਼ਤ ਨਹੀਂ ਦਿਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਜਾਂ ਨਾਜਾਇਜ਼ ਸ਼ਰਾਬ ਪੀਣ ਨਾਲ ਇਕ ਵੀ ਪੰਜਾਬੀ ਦੀ ਮੌਤ ਮੰਦਭਾਗੀ ਹੈ। ਉਨ੍ਹਾਂ ਕਿਹਾ,''ਮੇਰੇ ਲਈ ਹਰ ਇਕ ਪੰਜਾਬੀ ਦੀ ਜ਼ਿੰਦਗੀ ਮਹੱਤਵਪੂਰਨ ਹੈ।''