
ਬੇਅਦਬੀ ਮਾਮਲੇ 'ਤੇ ਅਕਾਲ ਤਖ਼ਤ ਨੂੰ ਬਾਦਲਾਂ ਦੀ ਸਿਆਸੀ ਪ੍ਰਫੱੁਲਤਾ ਲਈ ਕੀਤਾ ਗਿਆ ਇਸਤੇਮਾਲ : ਜਥੇਦਾਰ ਹਵਾਰਾ ਕਮੇਟੀ
ਖਟੜਾ ਨਾਲ ਜਸਟਿਸ ਰਣਜੀਤ ਸਿੰਘ ਤੇ ਵਿਜੇ ਪ੍ਰਤਾਪ ਨੂੰ ਕਿਉਂ ਨਾ ਬੁਲਾਇਆ?
ਅੰਮਿ੍ਤਸਰ, 1 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਕਾਲ ਤਖ਼ਤ ਸਾਹਿਬ ਵਿਖੇ ਸੱਦੇ ਇੱਕਠ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਇਕ ਪ੍ਰਵਾਰ ਦੀ ਸਿਆਸੀ ਪ੍ਰਫੁੱਲਤਾ ਅਤੇ ਕੌਮ ਨੂੰ ਗੁਮਰਾਹ ਕਰਨ ਲਈ ਮਿੱਥ ਕੇ ਕੀਤੀ ਗੰਦਲੀ ਰਾਜਨੀਤਕ ਕਾਰਵਾਈ ਐਲਾਨਿਆ ਹੈ |
ਕਮੇਟੀ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਵਾਲ ਕੀਤਾ ਹੈ ਕਿ ਸੇਵਾ ਮੁਕਤ ਆਈ ਜੀ ਰਣਬੀਰ ਸਿੰਘ ਖਟੜਾ ਜਿਸ ਨੇ ਬਾਦਲ ਸਰਕਾਰ ਦੇ ਸਮੇਂ ਹੋਈਆ ਬੇਅਦਬੀਆਂ ਦੀ ਇਕਪੱਖੀ ਜਾਂਚ ਕੀਤੀ ਸੀ ਉਸ ਨੂੰ ਇਕੱਤਰਤਾ ਵਿਚ ਕਿਉਂ ਸੱਦਿਆ ਗਿਆ? ਜੇਕਰ ਬੇਅਦਬੀਆਂ ਮਸਲੇ ਤੇ ਨਿਰਪੱਖਤਾ ਨਾਲ ਤੱਥ ਇਕੱਠੇ ਕਰ ਕੇ ਅਸਲ ਦੋਸੀਆਂ ਦੀ ਨਿਸ਼ਾਨਦੇਹੀ ਕਰਨੀ ਸੀ ਅਤੇ ਭਵਿੱਖ ਵਿਚ ਰੋਕਥਾਮ ਲਈ ਸਾਰਥਕ ਕਦਮ ਚੁਕਣੇ ਸਨ ਤਾਂ ਜਸਟਿਸ ਰਣਜੀਤ ਸਿੰਘ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਵਿਅਕਤੀਆਂ ਦੀ ਸ਼ਮੂਲੀਅਤ ਕਿਉਂ ਨਹੀਂ ਕੀਤੀ ਗਈ ? ਕਮੇਟੀ ਨੇ ਪੁਲਿਸ ਅਫ਼ਸਰ ਖਟੜਾ ਤੇ ਖਾੜਕੂਵਾਦ ਦੌਰਾਨ ਨੌਜਵਾਨੀ ਦਾ ਘਾਣ ਕਰਨ ਦਾ ਦੋਸ਼ ਲਗਾਇਆ | ਕਮੇਟੀ ਦੇ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋ. ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਮਹਾਬੀਰ ਸਿੰਘ ਸੁਲਤਾਨਵਿੰਡ, ਐਡਵੋਕੇਟ ਦਿਲਸੇਰ ਸਿੰਘ ਜਡਿਆਲਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਕੌਮ ਦੀ ਅਗਵਾਈ ਕਰਨ ਦੀ ਥਾਂ ਇਕ ਪ੍ਰਵਾਰ ਦੇ ਮਾਰਕੀਟਿੰਗ ਅਫ਼ਸਰ ਬਣ ਕੇ ਰਹਿ ਗਏ ਹਨ |
ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਉਹ ਬਾਦਲਾਂ ਨੂੰ ਸਵਾਲ ਕਰਨ ਦੀ ਹਿੰਮਤ ਕਰਨਗੇ ਕਿ 2007 ਵਿਚ ਬਾਦਲ ਸਰਕਾਰ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਦਾ ਸਵਾਂਗ ਰਚਣ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਵਿਰੁਧ ਦਰਜ ਕੀਤੇ ਕੇਸ ਦਾ ਚਲਾਨ ਪੁਲਿਸ ਵਲੋਂ ਫੌਰਨ ਪੇਸ਼ ਕਿਉਂ ਨਹੀਂ ਕੀਤਾ ਗਿਆ ਸੀ?
ਗਿਆਨੀ ਹਰਪ੍ਰੀਤ ਸਿੰਘ ਵਲੋਂ ਬੇਅਦਬੀ ਮਸਲੇ 'ਤੇ
ਅਕਾਲ ਤਖ਼ਤ ਸਾਹਿਬ ਨੂੰ ਬਾਦਲਾਂ ਦੀ ਧਿਰ ਬਣਾਏ ਜਾਣ ਨਾਲ ਅੱਜ ਸਾਰਾ ਸਿੱਖ ਜਗਤ ਸ਼ਰਮਸਾਰ ਹੈ ਤੇ ਮਾਨਸਕ ਦਰਦ ਵਿਚੋਂ ਨਿਕਲ ਰਿਹਾ ਹੈ ਪਰ ਬਾਦਲਕੇ ਤਖ਼ਤ ਸਾਹਿਬ ਦਾ ਰਾਜਨੀਤੀਕਰਨ ਕਰ ਕੇ ਖ਼ੁਸ਼ ਹਨ | ਕਮੇਟੀ ਦੇ ਆਗੂ ਸੁਖਰਾਜ ਸਿੰਘ ਵੇਰਕਾ, ਬਲਬੀਰ ਸਿੰਘ ਹਿਸਾਰ, ਬਲਜੀਤ ਸਿੰਘ ਭਾਉ, ਬਲਦੇਵ ਸਿੰਘ ਨਵਾਂ ਪਿੰਡ, ਜਸਪਾਲ ਸਿੰਘ ਪੁਤਲੀਘਰ, ਰਾਜ ਸਿੰਘ, ਗੁਰਮੀਤ ਸਿੰਘ ਬੱਬਰ ਆਦਿ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਦੋ ਤਖ਼ਤਾਂ 'ਤੇ ਕਾਬਜ਼ ਹਨ ਤੇ ਗੁਰੂ ਦੀ ਗੋਲਕ 'ਚੋਂ ਦੋ ਥਾਂਵਾਂ ਤੋਂ ਸਾਰੀ ਸਹੂਲਤਾਂ ਲੈ ਰਹੇ ਹਨ ਪਰ ਪੰਥ ਦੇ ਮਸਲਿਆਂ ਨੂੰ ਹੱਲ ਕਰਨ ਵਿਚ ਬੁਰੀ ਤਰ੍ਹਾਂ ਫ਼ੇਲ ਹੋਏ ਹਨ |
ਕੈਪਸ਼ਨ—ਏ ਐਸ ਆਰ ਬਹੋੜੂ— 1— 4 ਭਾਈ ਜਗਤਾਰ ਸਿੰਘ ਹਵਾਰਾ |