
ਬਨੂੜ-ਲਾਂਡਰਾਂ ਨੇੜੇ ਟਕਰਾਏ ਤਿੰਨ ਵਾਹਨ, ਇਕ ਦੀ ਮੌਤ, ਦੋ ਜ਼ਖ਼ਮੀ
ਬਨੂੜ, 1 ਅਗੱਸਤ (ਅਵਤਾਰ ਸਿੰਘ): ਬਨੂੜ-ਲਾਡਰਾਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਤੇ ਪੈਂਦੇ ਪਿੰਡ ਫ਼ੌਜੀ ਕਲੋਨੀ ਅਤੇ ਮੋਟੇਮਾਜਰਾ ਵਿਚਾਲੇ ਭਿੜੇ ਵਾਹਨਾਂ ਕਾਰਨ ਇਕ ਦੀ ਮੌਤ ਤੇ ਦੋ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਐਬੂਲੈਂਸ 108 ਦੀ ਮਦਦ ਨਾਲ ਮੋਹਾਲੀ ਦੇ ਫ਼ੇਸ-6 ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ |
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਬਾਅਦ ਦੁਪਹਿਰ ਵਾਪਰਿਆ ਜਦੋਂ ਆਲਟੋ ਕਾਰ ਤੇ ਉਸ ਦੇ ਪਿਛੇ ਛੋਟਾ ਹਾਥੀ ਬਨੂੜ ਵੱਲ ਆ ਰਹੇ ਸਨ ਕਿ ਅਚਾਨਕ ਕਾਰ ਚਾਲਕ ਦਾ ਸੰਤੁਲਨ ਵਿਗੜਨ ਕਾਰਨ ਸਾਹਮਣੇ ਤੋਂ ਆਉਂਦੇ ਛੋਟੇ ਹਾਥੀ ਵਿਚਕਾਰ ਸਿੱਧੀ ਜਾ ਵੱਜੀ ਤੇ ਕਾਰ ਪਿਛੇ ਆ ਰਿਹਾ ਛੋਟਾ ਹਾਥੀ ਵੀ ਕਾਰ ਵਿਚ ਜਾ ਵੱਜਾ ਜਿਸ ਕਾਰਨ ਕਾਰ ਪਿੱਛੇ ਵੱਜਣ ਕਾਰਨ ਛੋਟੇ ਹਾਥੀ ਚਾਲਕ ਵੀਰ ਸਿੰਘ (35 ਸਾਲ) ਮੁਹਾਲੀ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਸਾਹਮਣੇ ਤੋਂ ਆ ਰਿਹਾ ਛੋਟਾ ਹਾਥੀ ਪਾਣੀ ਨਾਲ ਭਰੇ ਖਦਾਨਾਂ ਵਿਚ ਜਾ ਡਿੱਗਾ ਤੇ ਜਿਸ ਦਾ ਚਾਲਕ ਰੋਹਿਤ ਕੁਮਾਰ ਤੇ ਇਕ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ | ਭਾਵੇ ਦੂਜੇ ਦੋਵੇਂ ਵਾਹਨ ਵੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਏ, ਪਰ ਹਾਦਸਾਗ੍ਰਸਤ ਕਾਰ ਸਵਾਰ ਕਾਰ ਛੱਡ ਕੇ ਮੌਕੇ ਤੇ ਫ਼ਰਾਰ ਹੋ ਗਏ | ਮੌਕੇ 'ਤੇ ਪੁੱਜੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦਸਿਆ ਕਿ ਮਿ੍ਤਕ ਦੀ ਲਾਸ਼ ਸਰਕਾਰੀ ਹਸਪਤਾਲ ਡੇਰਾਬੱਸੀ ਦੀ ਮੋਰਚਰੀ ਵਿਚ ਰਖਵਾ ਦਿਤੀ ਗਈ ਹੈ ਜਿਸ ਦਾ ਭਲਕੇ ਪੋਸਟਮਾਰਟਮ ਕੀਤਾ ਜਾਵੇਗਾ | ਉਨ੍ਹਾਂ ਦਸਿਆ ਕਿ ਕਾਰ ਵਿਚੋਂ ਐਨਐਸਐਸ ਦੀ ਵਰਦੀ ਮਿਲੀ ਹੈ ਜਿਸ ਤੋਂ ਫ਼ਰਾਰ ਹੋਏ ਕੋਈ ਵਲੰਟੀਅਰ ਜਾਪਦੇ ਹਨ | ਉਨ੍ਹਾਂ ਮੁਕੱਦਮਾ ਦਰਜ ਕਰ ਕੇ ਕਾਰਵਾਈ ਅਰੰਭ ਦਿਤੀ ਹੈ |
ਫੋਟੋ ਕੈਪਸ਼ਨ:- ਹਾਦਸੇ ਵਿਚ ਨੁਕਸਾਨੇ ਗਏ ਵਾਹਨ ਤੇ ਜ਼ਖ਼ਮੀ ਰੋਹਿਤ ਕੁਮਾਰ |