
ਮੁੱਖ ਸੜਕ ਬਣਾਉਣ ਲਈ ਦਿਤਾ ਧਰਨਾ ਦੂਜੇ ਦਿਨ ਵੀ ਜਾਰੀ
ਦਿੜ੍ਹਬਾ/ਛਾਜਲੀ, 1 ਅਗੱਸਤ (ਕੁਲਵਿੰਦਰ ਸਿੰਘ ਰਿੰਕਾ) : ਅੱਜ ਪਿੰਡ ਛਾਜਲੀ ਵਿਖੇ ਪਿੰਡ ਦੇ ਨੌਜਵਾਨਾਂ ਵੱਲੋਂ ਥਾਣਾ ਛਾਜਲੀ ਦੀ ਮੇਨ ਰੋਡ, ਬਾਰਾਂਦਰੀ ਰੋਡ, ਪਾਣੀ ਵਾਲੀ ਟੈਂਕੀ, ਸਰਕਾਰੀ ਹਸਪਤਾਲ ਤੇ ਪਿੰਡ ਦੀ ਮੇਨ ਰੋਡ ਨਾ ਬਣਾਉਣ ਕਾਰਨ ਰੋਸ ਧਰਨਾ ਦਿੱਤਾ ਗਿਆ । ਇਸ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਸੰਤ ਰਾਮ ਛਾਜਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਛਾਜਲੀ ਹਲਕੇ ਦਿੜ੍ਹਬੇ ਦਾ ਸਭ ਤੋਂ ਵੱਡਾ ਪਿੰਡ ਹੈ।
ਉਨ੍ਹਾਂ ਕਿਹਾ ਛਾਜਲੀ ਪਿੰਡ ਇੱਕਪਾਸੜ ਵੋਟਾਂ ਨਾਲ ਮੰਤਰੀਆਂ ਨੂੰ ਵਿਧਾਨ ਸਭਾ ਦੀਆਂ ਪੋੜੀਆਂ ਚੜਾਉਂਦਾ ਹੈ। ਲੇਕਿਨ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਹਲਕਾ ਹੋਣ ਦੇ ਬਾਵਜੂਦ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਹੈ। ਪਿੰਡ ਦੀਆਂ ਸੜਕਾਂ ਵਿਚ ਵੱਡੇ ਟੋਇਆਂ ਕਾਰਨ ਲੰਘਣਾ ਔਖਾ ਹੈ।
ਪਿੰਡ ਵਿੱਚ ਸਰਕਾਰੀ ਹਸਪਤਾਲ, ਪਾਣੀ ਵਾਲੀਆਂ ਵਾਟਰ ਵਰਕਸ ਟੈਂਕੀਆਂ, ਆਰ. ਓ. ਸਿਸਟਮ ਵਰਗੀਆਂ ਸਹੂਲਤਾਂ ਨਾ ਬਰਾਬਰ ਹਨ।
ਇਸ ਧਰਨੇ ਨੂੰ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ ਤਾਰਾ, ਡਾਕਟਰ ਜਗਰਾਜ ਸਿੰਘ ਸਹੋਤਾ, ਜਗਤਾਰ ਸਿੰਘ ਛਾਜਲੀ, ਡਾਕਟਰ ਸਤਗੁਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜਗਤਾਰ ਸਿੰਘ ਛਾਜਲਾ, ਕੁਲਵੰਤ ਛਾਜਲੀ ਆਦਿ ਮੌਜੂਦ ਸਨ। ਖ਼ਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ।
ਫੋਟੋ 1-7