ਦੋ ਮਾਸੂਮਾਂ ਦੇ ਸਿਰ ਤੋਂ ਉਠਿਆ ਮਾਂ ਦਾ ਸਾਇਆ
ਨਿਹਾਲਖੇੜਾ (ਅਬੋਹਰ) : ਦੋ ਦਿਨ ਪਹਿਲਾਂ ਮੋਟਰਸਾਈਕਲ 'ਚ ਚੁੰਨੀ ਫਸਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਜ਼ਖਮੀ ਹੋਈ ਔਰਤ ਦੀ ਬੀਕਾਨੇਰ 'ਚ ਇਲਾਜ ਦੌਰਾਨ ਮੌਤ ਹੋ ਗਈ। ਜਿਸ ਦਾ ਅੱਜ ਖੂਈਆਂ ਸਰਵਰ ਪੁਲਿਸ ਵਲੋਂ ਪੋਸਟਮਾਰਟਮ ਕਰਵਾਇਆ ਗਿਆ। ਘਟਨਾ ਦੀ ਖ਼ਬਰ ਸੁਣਦਿਆਂ ਹੀ ਪਿੰਡ ਨਿਹਾਲਖੇੜਾ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਹਾਦਸੇ ਵਿਚ ਦੋ ਮਾਸੂਮ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਉਠ ਗਿਆ।
ਇਹ ਵੀ ਪੜ੍ਹੋ: ADGP ਮਮਤਾ ਸਿੰਘ ਨੇ ਦਿਤੀ ਬਹਾਦਰੀ ਦੀ ਮਿਸਾਲ, ਨੂਹ ਹਿੰਸਾ ਦੌਰਾਨ ਬਚਾਈ ਕਰੀਬ ਢਾਈ ਹਜ਼ਾਰ ਲੋਕਾਂ ਦੀ ਜਾਨ
ਪ੍ਰਾਪਤ ਜਾਣਕਾਰੀ ਅਨੁਸਾਰ 22 ਸਾਲਾ ਮੰਜੂ ਪਤਨੀ ਪ੍ਰਵੀਨ ਵਾਸੀ ਨਿਹਾਲਖੇੜਾ ਅਪਣੇ ਪਤੀ ਪ੍ਰਵੀਨ, 5 ਸਾਲਾ ਧੀ ਅਤੇ 5 ਮਹੀਨੇ ਦੀ ਧੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋ ਦਿਨ ਪਹਿਲਾਂ ਅਪਣੇ ਪੇਕੇ ਘਰ ਭੰਗਰਖੇੜਾ ਤੋਂ ਵਾਪਸ ਸਹੁਰੇ ਘਰ ਆ ਰਹੀ ਸੀ। ਚੂਹੜੀਵਾਲਾ ਧੰਨਾ ਨੇੜੇ ਪਹੁੰਚੇ ਤਾਂ ਅਚਾਨਕ ਉਸ ਦੀ ਚੁੰਨੀ ਮੋਟਰਸਾਈਕਲ ਦੇ ਟਾਇਰ ਵਿਚ ਫਸ ਗਈ ਜਿਸ 'ਤੇ ਉਹ ਕੁੱਛੜ ਚੁੱਕੇ 5 ਮਹੀਨੇ ਦੇ ਬਚੇ ਸਮੇਤ ਸੜਕ 'ਤੇ ਡਿੱਗ ਪਈ। ਇਸ ਹਾਦਸੇ ਵਿਚ ਮਾਸੂਮ ਦੀ ਜਾਨ ਬਚ ਗਈ ਪਰ ਉਸ ਦੀ ਮਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜਿਸ 'ਤੇ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਔਰਤ ਦੇ ਸਿਰ ਵਿਚ ਡੂੰਘੀਆਂ ਸੱਟਾਂ ਲੱਗਿਆਂ ਸਨ ਜਿਸ 'ਤੇ ਉਨ੍ਹਾਂ ਨੂੰ ਰੈਫ਼ਰ ਕਰ ਦਿਤਾ ਗਿਆ।
ਇਹ ਵੀ ਪੜ੍ਹੋ: ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ਤੋਂ 49.12 ਲੱਖ ਰੁਪਏ ਦਾ ਸੋਨਾ ਬਰਾਮਦ
ਪ੍ਰਵਾਰਕ ਜੀਅ ਗੰਭੀਰ ਹਾਲਤ ਵਿਚ ਮੰਜੂ ਨੂੰ ਸ੍ਰੀਗੰਗਾਨਗਰ ਅਤੇ ਜਿਥੋਂ ਬੀਕਾਨੇਰ ਲੈ ਗਏ ਜਿਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਅਜ ਇਥੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਅਤੇ ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।