
ਪਿੰਡ ਅੰਦਰ ਸਟ੍ਰੀਟ ਲਾਈਟਾਂ ਦਾ ਵਧੀਆ ਪ੍ਰਬੰਧ ਨਹੀਂ, ਸੀਵਰੇਜ਼ ਦੀ ਘਾਟ ਵੀ ਮੁੱਖ ਮੁੱਦਾ
ਰੋਪੜ : ਕੇਂਦਰ ਸਰਕਾਰ ਦੀ ‘ਫਿਟ ਇੰਡੀਆ’ ਲਹਿਰ ਤੋਂ ਇਕ ਕਦਮ ਅੱਗੇ ਵੱਧਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਨੂੰ ਸਮੁੱਚੇ ਦੇਸ਼ ਵਿਚ ਸਿਹਤਮੰਦ ਸੂਬਾ ਬਣਾਉਣ ਦੇ ਮਿਸ਼ਨ ਨਾਲ ਪਿਛਲੇ ਸਾਲ ਜੂਨ ਮਹੀਨੇ ਵਿਚ ‘ਤੰਦਰੁਸਤ ਪੰਜਾਬ’ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮਿਸ਼ਨ ਦਾ ਉਦੇਸ਼ ਸੂਬੇ ਦੀ ਆਬੋ-ਹਵਾ, ਪਾਣੀ ਅਤੇ ਭੋਜਨ ਦੀ ਗੁਣਵਤਾ ਸੁਧਾਰ ਕੇ ਪੰਜਾਬ ਵਾਸੀਆਂ ਨੂੰ ਰਹਿਣ-ਸਹਿਣ ਲਈ ਵਧੀਆ ਮਾਹੌਲ ਸਿਰਜਣਾ ਸੀ। ਇਸ ਤੋਂ ਇਲਾਵਾ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਤਕ ਸੁਵਿਧਾਵਾਂ ਪਹੁੰਚਾਈਆਂ ਜਾਣੀਆਂ ਸਨ। ਇਹ ਮੁਹਿੰਮ ਜ਼ਮੀਨੀ ਪੱਧਰ 'ਤੇ ਕਿੰਨੀ ਕੁ ਗੰਭੀਰਤਾ ਨਾਲ ਲਾਗੂ ਕੀਤੀ ਗਈ ਹੈ, ਇਸ ਬਾਰੇ ਜਾਨਣ ਲਈ 'ਸਪੋਕਸਮੈਨ ਟੀਵੀ' ਸੂਬੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਿਹਾ ਹੈ। ਇਸੇ ਤਹਿਤ 'ਸਪੋਕਸਮੈਨ ਟੀਵੀ' ਦੀ ਟੀਮ ਜ਼ਿਲ੍ਹਾ ਰੋਪੜ ਦੇ ਪਿੰਡ ਰਤਨਗੜ੍ਹ ਪੁੱਜੀ।
Tandrust Punjab Mission : Village Ratangarh visit
'ਸਪੋਕਸਮੈਨ' ਦੇ ਪੱਤਰਕਾਰ ਨੇ ਪਿੰਡ ਰਤਨਗੜ੍ਹ ਦੇ ਵੱਖ-ਵੱਖ ਲੋਕਾਂ, ਬਜ਼ੁਰਗਾਂ, ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਪਿੰਡ ਦੀ ਹਾਲਤ ਬਾਰੇ ਜਾਣਿਆ। ਪਿੰਡ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਵਿਕਾਸ ਪੱਖੋਂ ਕਾਫ਼ੀ ਵਧੀਆ ਹੈ। ਪਿੰਡ ਦੀਆਂ ਪੰਚਾਇਤਾਂ ਵੱਲੋਂ ਸਮੇਂ-ਸਮੇਂ 'ਤੇ ਪਿੰਡ 'ਚ ਨਲੀਆਂ, ਗਲੀਆਂ, ਫਿਰਨੀਆਂ ਆਦਿ ਨੂੰ ਬਣਵਾਉਣ ਦਾ ਕੰਮ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਂਦਾ ਰਿਹਾ ਹੈ। ਪਿੰਡ 'ਚ ਸਾਫ਼-ਸਫ਼ਾਈ ਦਾ ਵਧੀਆ ਮਾਹੌਲ ਹੈ। ਪਿੰਡ ਅੰਦਰ ਬਣੇ ਟੋਭੇ ਨੂੰ ਵੀ ਹਰ ਸਾਲ ਸਾਫ਼ ਕਰਵਾਇਆ ਜਾਂਦਾ ਹੈ। ਪਿੰਡ ਅੰਦਰ 12 ਜਮਾਤ ਤਕ ਦਾ ਸੀਨੀਅਰ ਸੈਕੰਡਰੀ ਸਕੂਲ ਬਣਿਆ ਹੋਇਆ ਹੈ। ਇਥੇ ਨੇੜੇ-ਤੇੜੇ ਪਿੰਡਾਂ ਦੇ ਬੱਚੇ ਵੀ ਪੜ੍ਹਨ ਆਉਂਦੇ ਹਨ। ਪਿੰਡ ਅੰਦਰ ਸਰਕਾਰੀ ਡਿਸਪੈਂਸਰੀ ਵੀ ਬਣੀ ਹੋਈ ਹੈ, ਜਿਥੇ ਡਾਕਟਰਾਂ ਵੱਲੋਂ ਤਨਦੇਹੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ।
Tandrust Punjab Mission : Village Ratangarh visit
ਸਰਕਾਰ ਵੱਲੋਂ ਉਪਲੱਬਧ ਕਰਵਾਈਆਂ ਜਾਣ ਵਾਲੀਆਂ ਲਗਭਗ ਸਾਰੀਆਂ ਦਵਾਈਆਂ ਇਸ ਡਿਸਪੈਂਸਰੀ 'ਚ ਮਿਲਦੀਆਂ ਹਨ। ਸਰਕਾਰੀ ਸਕੂਲ ਅੰਦਰ ਬੱਚਿਆਂ ਦੇ ਖੇਡਣ ਲਈ ਵਧੀਆ ਮੈਦਾਨ ਬਣਿਆ ਹੋਇਆ ਹੈ। ਬਜ਼ੁਰਗ ਨੇ ਦੱਸਿਆ ਕਿ 12-13 ਸਾਲ ਪਹਿਲਾਂ ਉਨ੍ਹਾਂ ਦਾ ਪਿੰਡ ਕਬੱਡੀ ਖੇਡ ਲਈ ਕਾਫ਼ੀ ਪ੍ਰਸਿੱਧ ਸੀ। ਪਿੰਡ ਦੇ ਕਾਫ਼ੀ ਨੌਜਵਾਨਾਂ ਨੇ ਕਬੱਡੀ, ਕੁਸ਼ਤੀ ਆਦਿ ਖੇਡਾਂ 'ਚ ਆਪਣਾ ਦਬਦਬਾ ਬਣਾਇਆ ਸੀ। ਹੁਣ ਨੌਜਵਾਨਾਂ ਦੀ ਇਨ੍ਹਾਂ ਖੇਡਾਂ 'ਚ ਦਿਲਚਸਪੀ ਘੱਟ ਗਈ ਹੈ। ਹੁਣ 5-6 ਨੌਜਵਾਨ ਹੀ ਸ਼ਾਮ ਨੂੰ ਮੈਦਾਨ 'ਚ ਕੁਸ਼ਤੀ ਕਰਦੇ ਵਿਖਾਈ ਦਿੰਦੇ ਹਨ।
Tandrust Punjab Mission : Village Ratangarh visit
ਪਿੰਡ ਦੇ ਇਕ ਵਸਨੀਕ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਵਿਕਾਸ ਪੱਖੋਂ ਸੂਬੇ ਦੇ ਬਾਕੀ ਪਿੰਡਾਂ ਤੋਂ ਕਾਫ਼ੀ ਅੱਗੇ ਹੈ। ਮੌਜੂਦਾ ਸਮੇਂ ਪਿੰਡ ਅੰਦਰ ਬਣੀ ਪਸ਼ੂਆਂ ਦੀ ਡਿਸਪੈਂਸਰੀ 'ਚ ਕੋਈ ਡਾਕਟਰ ਨਹੀਂ ਹੈ। ਡਿਸਪੈਂਸਰੀ 'ਚ ਇਕ ਫ਼ਾਰਮਾਸਿਸ਼ਟ ਹੈ, ਜੋ ਆਰਜ਼ੀ ਤੌਰ 'ਤੇ ਹਫ਼ਤੇ 'ਚ 2-3 ਦਿਨ ਹੀ ਆਉਂਦਾ ਹੈ। ਪਿੰਡ ਦਾ ਸਰਕਾਰੀ ਸਕੂਲ 12ਵੀਂ ਜਮਾਤ ਤਕ ਹੈ, ਜਿਸ 'ਚ ਕੁਝ ਵਿਸ਼ਿਆਂ ਦੇ ਅਧਿਆਪਕਾਂ ਦੀ ਘਾਟ ਹੈ, ਜਿਸ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਵਿਚ ਬੁਰੀ ਤਰ੍ਹਾਂ ਫਸ ਚੁੱਕੀ ਹੈ। ਸੂਬੇ ਦੇ ਲਗਭਗ ਹਰ ਪਿੰਡ 'ਚ ਕੋਈ ਨਾ ਕੋਈ ਨੌਜਵਾਨ ਇਸ ਭੈੜੀ ਅਲਾਮਤ ਦੀ ਗ੍ਰਿਫ਼ਤ 'ਚ ਘਿਰਿਆ ਹੋਇਆ ਹੈ। ਜੇ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਪੁਲਿਸ ਫੜ ਲੈਂਦੀ ਹੈ ਤਾਂ ਇਨ੍ਹਾਂ ਤਸਕਰਾਂ ਦੀ ਪਹੁੰਚ ਉੱਪਰ ਤਕ ਹੋਣ ਦੇ ਕਾਰਨ ਇਹ ਅਧਿਕਾਰੀਆਂ ਨੂੰ ਅਗੂੰਠਾ ਦਿਖਾ ਕੇ ਨਿਕਲ ਜਾਂਦੇ ਹਨ।
Tandrust Punjab Mission : Village Ratangarh visit
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਫ਼ਰਜ਼ ਬਣਦਾ ਕਿ ਜਾਣੇ-ਅਣਜਾਣੇ ਵਿਚ ਇਨ੍ਹਾਂ ਕੋਹੜ ਭਰੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਨੂੰ ਨਸ਼ਾ ਰਹਿਤ ਕਰ ਕੇ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇ। ਸਰਕਾਰ ਨੂੰ ਨਸ਼ਿਆਂ ਦੀਆਂ ਫੈਕਟਰੀਆਂ ਬੰਦ ਕਰ ਕੇ ਨਸ਼ਾ ਛੁਡਾਊ ਕੇਂਦਰ ਜ਼ਿਆਦਾ ਖੋਲ੍ਹਣੇ ਚਾਹੀਦੇ ਹਨ। ਅੱਜ ਨੌਜਵਾਨ 12ਵੀਂ ਪਾਸ ਕਰਨ ਮਗਰੋਂ ਵਿਦੇਸ਼ ਜਾਣ ਦੀਆਂ ਵਿਊਤਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਹਨ। ਜੇ ਸੂਬੇ ਅੰਦਰ ਉਦਯੋਗ ਹੋਣਗੇ ਤਾਂ ਨੌਜਵਾਨਾਂ ਨੂੰ ਬਾਹਰ ਜਾ ਕੇ ਰੁਜ਼ਗਾਰ ਲੱਭਣ ਦੀ ਲੋੜ ਹੀ ਨਹੀਂ ਪਵੇਗੀ।
Tandrust Punjab Mission : Village Ratangarh visit
ਜੇ ਨੌਜਵਾਨ ਵਿਦੇਸ਼ ਨਹੀਂ ਜਾਂਦਾ ਤਾਂ ਇਥੇ ਡਿਗਰੀਆਂ ਲੈਣ ਤੋਂ ਬਾਅਦ ਉਸ ਨੂੰ 5 ਤੋਂ 7 ਹਜ਼ਾਰ ਰੁਪਏ ਮਹੀਨਾ ਦੀ ਨੌਕਰੀ ਮਿਲਦੀ ਹੈ। ਇੰਨੀ ਘੱਟ ਤਨਖਾਹ 'ਚ ਕਿਸੇ ਦਾ ਗੁਜ਼ਾਰਾ ਨਹੀਂ ਹੋ ਸਕਦਾ। ਨੌਜਵਾਨਾਂ ਨੂੰ ਆਪਣਾ ਭਵਿੱਖ ਖ਼ਤਰੇ 'ਚ ਵਿਖਾਈ ਦੇ ਰਿਹਾ ਹੈ। ਸੂਬੇ ਦੀ ਹਵਾ ਤੇ ਪਾਣੀ ਦਿਨੋਂ-ਦਿਨ ਗੰਧਲੇ ਹੁੰਦੇ ਜਾ ਰਹੇ ਹਨ, ਜਿਸ ਕਾਰਨ ਵਿਦੇਸ਼ ਜਾਣ ਤੋਂ ਇਲਾਵਾ ਨੌਜਵਾਨਾਂ ਕੋਲ ਕੋਈ ਰਸਤਾ ਨਹੀਂ ਬਚਿਆ ਹੈ।
Tandrust Punjab Mission : Village Ratangarh visit
ਵਸਨੀਕ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ-ਦਿਨ ਹੇਠਾਂ ਜਾ ਰਿਹਾ ਹੈ। ਪਹਿਲਾਂ ਉਨ੍ਹਾਂ ਦੇ ਪਿੰਡ 'ਚ 60 ਤੋਂ 70 ਫੁੱਟ ਡੂੰਘੇ ਬੋਰ 'ਚ ਪਾਣੀ ਆ ਜਾਂਦਾ ਸੀ ਪਰ ਹੁਣ 150 ਤੋਂ 200 ਫੁੱਟ ਡੂੰਘਾ ਬੋਰ ਕਰਨਾ ਪੈ ਰਿਹਾ ਹੈ। ਫਸਲਾਂ 'ਤੇ ਬਗੈਰ ਕੀਟਨਾਸ਼ਕਾਂ ਦਾ ਛਿੜਕਾਅ ਕੀਤੇ ਚੰਗੀ ਪੈਦਾਵਾਰ ਨਹੀਂ ਹੁੰਦੀ। ਇਨ੍ਹਾਂ ਕੀਟਨਾਸ਼ਕਾਂ ਤੋਂ ਪੈਦਾ ਹੋਈ ਫਸਲਾਂ ਦਾ ਮਾੜਾ ਅਸਰ ਲੋਕਾਂ ਦੀ ਸਿਹਤ 'ਤੇ ਵੀ ਪੈ ਰਿਹਾ ਹੈ। ਨੌਜਵਾਨਾਂ 'ਚ ਹੁਣ ਪਹਿਲਾਂ ਵਰਗੀ ਜਾਨ ਨਹੀਂ ਰਹੀ।
Tandrust Punjab Mission : Village Ratangarh visit
ਪਿੰਡ ਦੇ ਇਕ ਹੋਰ ਵਸਨੀਕ ਨੇ ਦੱਸਿਆ ਕਿ ਪਿੰਡ 'ਚ ਨਵਾਂ ਸ਼ਮਸ਼ਾਨ ਘਾਟ ਅਤੇ ਧਰਮਸ਼ਾਲਾ ਦੀ ਉਸਾਰੀ ਕਰਵਾਈ ਜਾ ਰਹੀ ਹੈ, ਜੋ ਕੁਝ ਕੁ ਦਿਨਾਂ 'ਚ ਪੂਰੀ ਹੋ ਜਾਵੇਗੀ। ਇਸ ਤੋਂ ਇਲਾਵਾ ਸਰਕਾਰੀ ਸਕੂਲ ਦੇ ਮੈਦਾਨ 'ਚ ਹੋਰ ਮਿੱਟੀ ਪਾ ਕੇ ਇਸ ਦੇ ਪੱਧਰ ਨੂੰ ਉੱਚਾ ਕੀਤਾ ਜਾ ਰਿਹਾ ਹੈ ਤਾ ਕਿ ਮੀਂਹ ਪੈਣ 'ਤੇ ਪਾਣੀ ਇਕੱਤਰ ਨਾ ਹੋਵੇ। ਇਸ ਤੋਂ ਇਲਾਵਾ ਪਿੰਡ ਅੰਦਰ ਸੀਵਰੇਜ਼ ਸਿਸਟਮ ਦੀ ਲੋੜ ਹੈ।
Tandrust Punjab Mission : Village Ratangarh visit
ਪਿੰਡ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਪਿੰਡ ਅੰਦਰ ਸਟ੍ਰੀਟ ਲਾਈਟਾਂ ਦਾ ਕੋਈ ਵਧੀਆ ਪ੍ਰਬੰਧ ਨਹੀਂ ਹੈ। ਸ਼ਾਮ ਨੂੰ ਹਨੇਰਾ ਹੋਣ ਤੋਂ ਬਾਅਦ ਪਿੰਡ ਅੰਦਰ ਲੋਕਾਂ ਨੂੰ ਆਉਣ-ਜਾਣ 'ਚ ਕਾਫੀ ਮੁਸ਼ਕਲ ਆਉਂਦੀ ਹੈ। ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਬਲੱਬ ਆਦਿ ਲਗਾ ਕੇ ਚਾਨਣਾ ਕੀਤਾ ਹੋਇਆ ਹੈ, ਜਿਸ ਨਾਲ ਖੋੜਾ ਬਹੁਰ ਰਸਤਾ ਨਜ਼ਰ ਆਉਂਦਾ ਹੈ। ਕਈ ਥਾਵਾਂ 'ਤੇ ਪਿਛਲੀ ਪੰਚਾਇਤ ਵੱਲੋਂ ਸਟ੍ਰੀਟ ਲਾਈਟਾਂ ਲਗਾਈਆਂ ਗਈਆਂ ਸਨ, ਪਰ ਮੁੜ ਕੇ ਇਨ੍ਹਾਂ ਦੀ ਕਿਸੇ ਨੇ ਸਾਰ ਨਾ ਲਈ ਅਤੇ ਇਕ-ਇਕ ਕਰ ਕੇ ਹੁਣ ਸਾਰੀਆਂ ਲਾਈਟਾਂ ਬੰਦ ਹੋ ਗਈਆਂ ਹਨ। ਇਸ ਤੋਂ ਇਲਾਵਾ ਪਿੰਡ ਅੰਦਰ ਆਵਾਰਾ ਪਸ਼ੂਆਂ ਦੀ ਸਮੱਸਿਆ ਵੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਸਰਕਾਰ ਵੱਲੋਂ ਇਨ੍ਹਾਂ ਬਾਰੇ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ, ਜਿਸ ਕਾਰਨ ਉਨ੍ਹਾਂ ਦੀਆਂ ਫਸਲਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ।
Tandrust Punjab Mission : Village Ratangarh visit
ਪਿੰਡ ਦੇ ਇਕ ਹੋਰ ਵਸਨੀਕ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਜ਼ਿਆਦਾਤਰ ਨੌਜਵਾਨ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਵਿਦੇਸ਼ ਨੂੰ ਚਲੇ ਗਏ ਹਨ। ਜੇ ਸਰਕਾਰ ਦੀਆਂ ਨੀਤੀਆਂ ਵਧੀਆਂ ਹੁੰਦੀਆਂ ਤਾਂ ਕੋਈ ਨੌਜਵਾਨ ਆਪਣੇ ਮਾਪਿਆਂ ਨੂੰ ਛੱਡ ਕੇ ਵਿਦੇਸ਼ ਕੀ ਕਰਨ ਜਾਵੇ। ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਅੰਦਰ ਰੁਜ਼ਗਾਰ ਦੇ ਮੌਕੇ ਪੈਦਾ ਕੀਤਾ ਜਾਣ, ਜਿਸ ਨਾਲ ਨੌਜਵਾਨ ਨੂੰ ਵਿਦੇਸ਼ ਜਾਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ 550 ਬੂਟੇ ਲਗਾਉਣ ਦੀ ਮੁਹਿੰਮ ਤਹਿਤ ਬੂਟੇ ਲਗਾਏ ਗਏ ਹਨ।