
ਸੁਖਬੀਰ ਬਾਦਲ ਨੇ ਜਗਮੀਤ ਬਰਾੜ ਨੂੰ ਐਲਾਨਿਆ ਮੌੜ ਤੋਂ ਉਮੀਦਵਾਰ
ਬਠਿੰਡਾ, 1 ਸਤੰਬਰ (ਸੁਖਜਿੰਦਰ ਮਾਨ) : ਸ਼੍ਰੋਮਣੀ ਅਕਾਲੀ ਦਲ ਦੇ ਕੱਦਾਵਾਰ ਆਗੂ ਮੰਨੇ ਜਾਂਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਦਾਅਵੇਦਾਰੀ ਨੂੰ ਨਜਰਅੰਦਾਜ਼ ਕਰਦਿਆਂ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ ਨੂੰ ਹਲਕਾ ਮੋੜ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਦਿਤਾ ਹੈ।
ਅੱਧੀ ਦਰਜਨ ਉਮੀਦਵਾਰਾਂ ਦੀ ਜਾਰੀ ਸੂਚੀ ਵਿਚ ਬਠਿੰਡਾ ਤੋਂ ਦੂਜਾ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਤਲਵੰਡੀ ਸਾਬੋ ਤੋਂ ਬਣਾਇਆ ਗਿਆ ਹੈ। ਅੱਜ ਦੀ ਜਾਰੀ ਸੂਚੀ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ 6 ਹਲਕਿਆਂ ਵਿਚ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਕੇ ਅਕਾਲੀ ਦਲ ਨੇ ਬਾਜ਼ੀ ਮਾਰ ਲਈ ਹੈ।
ਉਧਰ ਸ. ਮਲੂਕਾ ਨੇ ਅਪਣੇ ਸਟੈਂਡ ’ਤੇ ਕਾਇਮ ਰਹਿੰਦਿਆਂ ਐਲਾਨ ਕੀਤਾ ਹੈ ਕਿ ‘‘ਉਹ ਰਾਮਪੁਰਾ ਫ਼ੂਲ ਹਲਕੇ ਤੋਂ ਚੋਣ ਨਹੀਂ ਲੜਨਗੇ, ਬਲਕਿ ਉਸ ਦਾ ਪੁੱਤਰ ਗੁਰਪੀ੍ਰਤ ਸਿੰਘ ਮਲੂਕਾ ਹੀ ਚੋਣ ਲੜੇਗਾ।’’ ਇਸ ਦੇ ਨਾਲ ਉਨ੍ਹਾਂ ਪਾਰਟੀ ਵਿਚ ਇਕ ਪਰਵਾਰ ਇਕ ਟਿਕਟ ਦੇ ਫ਼ਾਰਮੂਲੇ ਨੂੰ ਵੀ ਲਾਗੂ ਕਰਨ ਦੀ ਵਕਾਲਤ ਕੀਤੀ ਹੈ। ਚਰਚਾ ਮੁਤਾਬਕ ਮੋੜ ਤੋਂ ਉਮੀਦਵਾਰ ਨਾ ਬਣਾਉਣ ਦੇ ਰੋਸ ਵਜੋਂ ਸਾਬਕਾ ਮੰਤਰੀ ਮਲੂਕਾ ਨੇ ਬੀਤੇ ਕਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਹਿੱਸਾ ਨਹੀਂ ਲਿਆ ਸੀ। ਹਾਲਾਂਕਿ ਅੱਜ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਬੁਖਾਰ ਹੋਣ ਕਾਰਨ ਉਹ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕੇ।
ਇਥੇ ਦਸਣਾ ਬਣਦਾ ਹੈ ਕਿ ਬਸਪਾ ਨਾਲ ਗਠਜੋੜ ਤੋਂ ਬਾਅਦ ਸਿਆਸੀ ਤੌਰ ’ਤੇ ਅੱਗੇ ਵਧ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਆਗੂ ਵਲੋਂ ਪਾਰਟੀ ਦੁਆਰਾ ਫ਼ੂਲ ਹਲਕੇ ਤੋਂ ਦਿਤੀ ਟਿਕਟ ਉਪਰ ਖ਼ੁਦ ਚੋਣ ਨਾ ਲੜਣ ਦੇ ਲਏ ਸਖ਼ਤ ਸਟੈਂਡ ਤੋਂ ਬਾਅਦ ਅਕਾਲੀ ਦਲ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ।
ਸਿਆਸੀ ਮਾਹਰਾਂ ਮੁਤਾਬਕ ਬੇਸ਼ੱਕ ਸਿਕੰਦਰ ਸਿੰਘ ਮਲੂਕਾ ਵਲੋਂ ਅਪਣੇ ਸਮਰਥਕਾਂ ਰਾਹੀਂ ਹਾਈਕਮਾਂਡ ’ਤੇ ਦਬਾਅ ਪਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਬਾਦਲ ਪ੍ਰਵਾਰ ਨੇ ਇਸ ਦਬਾਅ ਹੇਠ ਨਾ ਆਉਂਦਿਆਂ ਜਗਮੀਤ ਸਿੰਘ ਬਰਾੜ ਨੂੰ ਉਮੀਦਵਾਰ ਬਣਾਇਆ ਹੈ, ਜਿਸ ਦੇ ਆਉਣ ਵਾਲੇ ਸਮੇਂ ’ਚ ਬਠਿੰਡਾ ਲੋਕ ਸਭਾ ਵਿਚ ਨਵੇਂ ਸਿਆਸੀ ਸਮੀਕਰਨ ਬਣਨ ਦੀ ਸੰਭਾਵਨਾ ਹੈ।
ਦੂਜੇ ਪਾਸੇ ਅਪਣੀ ਉਮੀਦਵਾਰੀ ਦਾ ਐਲਾਨ ਕਰਨ ’ਤੇ ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ ਨੇ ਪਾਰਟੀ ਹਾਈਕਮਾਂਡ ਦਾ ਧਨਵਾਦ ਕਰਦਿਆਂ ਉਨ੍ਹਾਂ ਦੀਆਂ ਉਮੀਦਾਂ ਉਪਰ ਖ਼ਰਾ ਉਤਰਨ ਤੇ ਹਲਕੇ ਦੇ ਸਮੂਹ ਵੋਟਰਾਂ ਨੂੰ ਨਾਲ ਲੈ ਕੇ ਚੱਲਣ ਦਾ ਭਰੋਸਾ ਦਿਵਾਇਆ ਹੈ। ਜਦਕਿ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦੇ ਉਮੀਦਵਾਰ ਬਣਨ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵਿਚਕਾਰ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਰੋਲਾ ਸਹੇ ਦਾ ਨਹੀਂ, ਪਹੇ ਦਾ!
ਬਠਿੰਡਾ : ਉਧਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ’ਤੇ ਡੂੰਘੀ ਨਜ਼ਰ ਰੱਖਣ ਵਾਲੇ ਮਾਹਰਾਂ ਨੇ ਇਸ ਵਿਵਾਦ ’ਤੇ ਵਿਚਾਰ ਰਖਦਿਆਂ ਦਾਅਵਾ ਕੀਤਾ ਹੈ ਕਿ ‘ਅਸਲ ਵਿਚ ਰੋਲਾ ਵਿਧਾਇਕੀ ਜਾਂ ਟਿਕਟ ਦਾ ਨਹੀਂ, ਬਲਕਿ ਮੰਤਰੀ ਦੇ ਅਹੁਦੇ ਦਾ ਵੀ ਹੈ, ਕਿਉਂਕਿ ਮੋੜ ਤੋਂ ਟਿਕਟ ਮਿਲਣ ਤੋਂ ਬਾਅਦ ਜਗਮੀਤ ਬਰਾੜ ਸਹਿਤ ਬਠਿੰਡਾ ਜ਼ਿਲ੍ਹੇ ’ਚ 3 ਉਮੀਦਵਾਰ ਅਕਾਲੀ ਸਰਕਾਰ ਬਣਨ ’ਤੇ ਵਜ਼ਾਰਤ ਦੇ ਦਾਅਵੇਦਾਰ ਬਣ ਗਏ ਹਨ। ਇਨ੍ਹਾਂ ਵਿਚੋਂ ਜੇਕਰ ਸਿਕੰਦਰ ਸਿੰਘ ਮਲੂਕਾ ਖ਼ੁਦ ਚੋਣ ਲੜਦੇ ਹਨ, ਤਾਂ ਉਹ ਸਾਬਕਾ ਵਜ਼ੀਰ ਹੋਣ ਦੇ ਨਾਤੇ ਵਜ਼ਾਰਤ ਦੇ ਹੱਕਦਾਰ ਹਨ। ਇਸੇ ਤਰ੍ਹਾਂ ਤਲਵੰਡੀ ਸਾਬੋ ਹਲਕੇ ਤੋਂ ਸੱਤਵੀਂ ਵਾਰ ਚੋਣ ਲੜਨ ਜਾ ਰਹੇ ਜੀਤ ਮਹਿੰਦਰ ਸਿੰਘ ਸਿੱਧੂ ਵੀ ਜਿੱਤਣ ਦੀ ਸੂਰਤ ਵਿਚ ਮੰਤਰੀ ਦੇ ਅਹੁਦੇ ਦੇ ਵੱਡੇ ਦਾਅਵੇਦਾਰ ਹਨ, ਕਿਉਂਕਿ ਉਹ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ। ਜਦਕਿ ਸ. ਬਰਾੜ ਵੀ ਅਪਣੇ ਸਿਆਸੀ ਕੱਦ ਮੁਤਾਬਕ ਵੱਡੀ ਵਜ਼ਾਰਤ ਦੇ ਦਾਅਵੇਦਾਰ ਬਣ ਜਾਂਦੇ ਹਨ।
ਇਸ ਖ਼ਬਰ ਨਾਲ ਸਬੰਧਤ ਫੋਟੋ 01 ਬੀਟੀਆਈ 03 ਵਿਚ ਹੈ।