
ਪਾਕਿਸਤਾਨ 'ਚ ਹੜ੍ਹਾਂ ਕਾਰਨ ਹੋਏ ਜਾਨੀ ਨੁਕਸਾਨ ਤੋਂ ਦੁਖੀ ਹਾਂ : ਵ੍ਹਾਈਟ ਹਾਊਸ
ਵਾਸ਼ਿੰਗਟਨ, 1 ਸਤੰਬਰ : ਵ੍ਹਾਈਟ ਹਾਊਸ ਨੇ ਪਾਕਿਸਤਾਨ ਵਿਚ ਭਿਆਨਕ ਹੜ੍ਹਾਂ ਕਾਰਨ ਹੋਏ ਜਾਨੀ ਨੁਕਸਾਨ ਅਤੇ ਤਬਾਹੀ 'ਤੇ ਦੁੱਖ ਪ੍ਰਗਟ ਕੀਤਾ ਹੈ | ਮੀਂਹ ਕਾਰਨ ਆਏ ਹੜ੍ਹਾਂ ਨੇ ਪੂਰੇ ਪਾਕਿਸਤਾਨ ਵਿਚ ਤਬਾਹੀ ਮਚਾ ਦਿੱਤੀ ਹੈ, 1,100 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 3.3 ਕਰੋੜ ਲੋਕ ਬੇਘਰ ਹੋ ਗਏ ਹਨ | ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੇਨ ਜੀਨ-ਪੀਅਰੇ ਨੇ ਬੁੱਧਵਾਰ ਨੂੰ ਇਥੇ ਅਪਣੀ ਰੋਜ਼ਾਨਾ ਨਿਊਜ਼ ਕਾਨਫ਼ਰੰਸ ਵਿਚ ਕਿਹਾ, ''ਅਸੀਂ ਪਾਕਿਸਤਾਨ 'ਚ ਭਿਆਨਕ ਹੜ੍ਹਾਂ ਕਾਰਨ ਹੋਏ ਭਾਰੀ ਜਾਨੀ ਨੁਕਸਾਨ ਅਤੇ ਤਬਾਹੀ ਤੋਂ ਬਹੁਤ ਦੁਖੀ ਹਾਂ | ਅਸੀਂ ਪ੍ਰਭਾਵਤ ਸਾਰੇ ਵਿਅਕਤੀਆਂ ਅਤੇ ਪਰਵਾਰਾਂ ਪ੍ਰਤੀ ਅਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ | ਅਮਰੀਕਾ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਤ ਲੋਕਾਂ ਦੇ ਨਾਲ ਖੜਾ ਹੈ |'' ਉਨ੍ਹਾਂ ਕਿਹਾ, ਯੂ.ਐਸ.ਏ.ਆਈ.ਡੀ. ਨੇ ਐਲਾਨ ਕੀਤਾ ਕਿ ਉਹ ਹੜ੍ਹ ਤੋਂ ਪ੍ਰਭਾਵਤ ਲੋਕਾਂ ਦੀ ਮਦਦ ਲਈ ਮਨੁੱਖੀ ਸਹਾਇਤਾ ਵਿੱਚ 3 ਕਰੋੜ ਅਮਰੀਕੀ ਡਾਲਰ ਦੀ ਵਾਧੂ ਸਹਾਇਤਾ ਪ੍ਰਦਾਨ ਕਰ ਰਿਹਾ ਹੈ |
ਪੀਅਰੇ ਨੇ ਕਿਹਾ ਕਿ ਯੂ.ਐਸ.ਏ.ਆਈ.ਡੀ. ਦੇ ਇਕ ਆਫ਼ਤ ਪ੍ਰਬੰਧਨ ਮਾਹਰ ਵੀ ਹੜ੍ਹ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਇਸਲਾਮਾਬਾਦ ਵਿੱਚ ਹਨ | ਪੀਅਰੇ ਨੇ ਕਿਹਾ, 'ਅਮਰੀਕਾ, ਪਾਕਿਸਤਾਨ ਦੇ ਲੋਕਾਂ ਦਾ ਮਜ਼ਬੂਤ ਸਮਰਥਕ ਰਿਹਾ ਹੈ ਅਤੇ ਰਹੇਗਾ | ਅਸੀਂ ਪਾਕਿਸਤਾਨ ਨੂੰ ਸੱਭ ਤੋਂ ਵੱਧ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਦੇ ਹਾਂ ਅਤੇ ਅਸੀਂ 3.3 ਕਰੋੜ ਅਮਰੀਕੀ ਡਾਲਰ ਤੋਂ ਵੱਧ ਦੀ ਸਹਾਇਤਾ ਪ੍ਰਦਾਨ ਕੀਤੀ ਹੈ | (ਏਜੰਸੀ)