
ਰੋਡ ਸੇਫ਼ਟੀ ਵਰਲਡ ਸੀਰੀਜ਼ 'ਚ ਇੰਡੀਅਨ ਲੈਜੇਂਡਸ ਦੀ ਅਗਵਾਈ ਕਰਨਗੇ ਸਚਿਨ ਤੇਂਦੁਲਕਰ
ਮੁੰਬਈ, 1 ਸਤੰਬਰ : ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਰੋਡ ਸੇਫਟੀ ਵਰਲਡ ਸੀਰੀਜ਼ ਦੇ ਦੂਜੇ ਸੀਜ਼ਨ 'ਚ ਮੌਜੂਦਾ ਚੈਂਪੀਅਨ ਇੰਡੀਆ ਲੈਜੇਂਡਸ ਦੀ ਅਗਵਾਈ ਕਰਨਗੇ | ਪ੍ਰਬੰਧਕਾਂ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ | ਇਹ ਟੂਰਨਾਮੈਂਟ 10 ਸਤੰਬਰ ਤੋਂ 22 ਦਿਨਾਂ ਤੱਕ ਵੱਖ-ਵੱਖ ਥਾਵਾਂ 'ਤੇ ਖੇਡਿਆ ਜਾਵੇਗਾ | ਟੂਰਨਾਮੈਂਟ ਦਾ ਪਹਿਲਾ ਮੈਚ ਕਾਨਪੁਰ ਵਿੱਚ ਖੇਡਿਆ ਜਾਵੇਗਾ, ਜਦਕਿ ਸੈਮੀਫਾਈਨਲ ਅਤੇ ਫਾਈਨਲ ਦੋਵੇਂ ਰਾਏਪੁਰ ਵਿੱਚ ਖੇਡੇ ਜਾਣਗੇ | ਇੱਥੇ ਜਾਰੀ ਰੀਲੀਜ਼ ਅਨੁਸਾਰ, ਹੋਰ 2 ਸਥਾਨ ਇੰਦੌਰ ਅਤੇ ਦੇਹਰਾਦੂਨ ਵਿਚ ਮੈਚ ਖੇਡੇ ਜਾਣਗੇ |
ਇਸ ਵਾਰ ਨਿਊਜ਼ੀਲੈਂਡ ਲੀਜੈਂਡਜ਼ ਦੀ ਟੀਮ ਵੀ ਟੂਰਨਾਮੈਂਟ ਵਿੱਚ ਹਿੱਸਾ ਲਵੇਗੀ | ਦੇਸ਼ ਅਤੇ ਦੁਨੀਆ ਭਰ ਵਿੱਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਲਿਆਉਣ ਦੇ ਮੁੱਖ ਉਦੇਸ਼ ਨਾਲ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਤੋਂ ਇਲਾਵਾ ਆਸਟ੍ਰੇਲੀਆ, ਸ਼੍ਰੀਲੰਕਾ, ਵੈਸਟਇੰਡੀਜ਼, ਦੱਖਣੀ ਅਫਰੀਕਾ, ਬੰਗਲਾਦੇਸ਼ ਅਤੇ ਇੰਗਲੈਂਡ ਦੀਆਂ ਟੀਮਾਂ ਵੀ ਭਾਗ ਲੈਣਗੀਆਂ | ਇਸ ਸੀਰੀਜ਼ ਨੂੰ ਭਾਰਤ ਸਰਕਾਰ ਦੇ ਟਰਾਂਸਪੋਰਟ ਮੰਤਰਾਲਾ ਅਤੇ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਭਲਾਈ ਅਤੇ ਖੇਡ ਮੰਤਰਾਲਾ ਦਾ ਸਮਰਥਨ ਹਾਸਲ ਹੈ |
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, ''ਮੈਨੂੰ ਭਰੋਸਾ ਹੈ ਕਿ ਰੋਡ ਸੇਫ਼ਟੀ ਵਰਲਡ ਸੀਰੀਜ਼ ਸਮਾਜਕ ਬਦਲਾਅ ਵਿੱਚ ਅਹਿਮ ਭੂਮਿਕਾ ਨਿਭਾਏਗੀ ਅਤੇ ਸੜਕ ਅਤੇ ਸੜਕ ਸੁਰੱਖਿਆ ਪ੍ਰਤੀ ਲੋਕਾਂ ਦੇ ਰਵੱਈਏ ਨੂੰ ਬਦਲਣ ਲਈ ਇੱਕ ਆਦਰਸ਼ ਪਲੇਟਫਾਰਮ ਵਜੋਂ ਕੰਮ ਕਰੇਗੀ |U ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਰੋਡ ਸੇਫ਼ਟੀ ਵਰਲਡ ਸੀਰੀਜ਼ ਕਿ੍ਕਟ ਦੇ ਜ਼ਰੀਏ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਬਹੁਤ ਵਧੀਆ ਪਹਿਲ ਹੈ | (ਏਜੰਸੀ)