
ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ 2 ਨਵੇਂ ਕੈਬਨਿਟ ਮੰਤਰੀਆਂ ਦਾ ਐਲਾਨ
ਓਟਾਵਾ, 1 ਸਤੰਬਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਤਰੀ ਮੰਡਲ ਵਿੱਚ ਮਾਮੂਲੀ ਤਬਦੀਲੀਆਂ ਦਾ ਐਲਾਨ ਕੀਤਾ ਹੈ | ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਇਕ ਬਿਆਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਤਕ ਸੇਵਾਵਾਂ ਅਤੇ ਖਰੀਦ ਮੰਤਰੀ ਫਿਲੋਮੇਨਾ ਟੈਸੀ ਹੁਣ ਦੱਖਣੀ ਉਂਟਾਰੀਉ ਲਈ ਸੰਘੀ ਆਰਥਕ ਵਿਕਾਸ ਏਜੰਸੀ ਲਈ ਜ਼ਿੰਮੇਵਾਰ ਮੰਤਰੀ ਬਣ ਗਈ ਹੈ | ਦੱਖਣੀ ਉਂਟਾਰੀਉ ਲਈ ਸੰਘੀ ਆਰਥਿਕ ਵਿਕਾਸ ਏਜੰਸੀ ਲਈ ਜ਼ਿੰਮੇਵਾਰ ਮੰਤਰੀ ਹੇਲੇਨਾ ਜੈਕਜ਼ੇਕ ਹੁਣ ਜਨਤਕ ਸੇਵਾਵਾਂ ਅਤੇ ਖ਼ਰੀਦ ਮੰਤਰੀ ਬਣ ਗਈ ਹੈ |
ਬਿਆਨ ਵਿਚ ਟਰੂਡੋ ਦੇ ਹਵਾਲੇ ਨਾਲ ਕਿਹਾ ਗਿਆ ਕਿ ਪਰਵਾਰਕ ਕਾਰਨਾਂ ਕਰ ਕੇ ਦੱਖਣੀ ਉਂਟਾਰੀਉ ਵਿਚ ਵਧੇਰੇ ਸਮਾਂ ਬਿਤਾਉਣ ਦੀ ਟੈਸੀ ਦੀ ਬੇਨਤੀ ਤੋਂ ਬਾਅਦ ਇਹ ਤਬਦੀਲੀਆਂ ਹੋਈਆਂ | ਇਹ ਕੈਬਨਿਟ ਫੇਰਬਦਲ ਪਹਿਲੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਨੇ 2021 ਦੀਆਂ ਚੋਣਾਂ ਤੋਂ ਬਾਅਦ ਅਪਣੇ ਮੰਤਰੀ ਮੰਡਲ ਵਿੱਚ ਕੀਤਾ | (ਏਜੰਸੀ)