
ਜ਼ਮੀਨ ਨੂੰ ਪੱਧਰਾ ਕਰਨ ਲਈ ਨੌਜਵਾਨ ਟਰੈਕਟਰ ਚਲਾ ਕੇ ਕਰ ਰਹੇ ਸੇਵਾ
ਸੁਲਤਾਨਪੁਰ ਲੋਧੀ: ਪੰਜਾਬ ਵਿੱਚ ਹੜ੍ਹਾਂ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਜਿੱਥੇ ਹੜ੍ਹਾਂ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੀ ਸੜਕਾਂ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਇਸ ਤੋਂ ਇਲਾਵਾ ਕਈ ਲੋਕਾਂ ਦੇ ਘਰ ਵੀ ਢਹਿ-ਢੇਰੀ ਹੋ ਗਏ। ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿੱਚ ਵੀ ਹੜ੍ਹਾਂ ਕਾਰਨ ਬਹੁਤ ਨੁਕਸਾਨ ਹੋਇਆ ਹੈ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ। ਆਰਜ਼ੀ ਬੰਨ੍ਹ ਦੀ ਮੁਰੰਮਤ ਲਈ ਰਸਤਾ ਬਣਾਉਣ ਦਾ ਕੰਮ ਜਾਰੀ ਹੈ। ਇੱਥੇ ਟਰੈਕਟਰ ’ਤੇ ਸੇਵਾ ਕਰਨ ਲਈ ਕੁੱਝ ਨੌਜਵਾਨ ਵੀ ਪਹੁੰਚੇ ਹਨ, ਜੋ ਟਰੈਕਟਰ ਚਲਾ ਕੇ ਜ਼ਮੀਨ ਨੂੰ ਪੱਧਰਾ ਕਰ ਰਹੇ ਹਨ। ਇਹ ਬੱਚੇ ਦੋ-ਤਿੰਨ ਦਿਨ ਤੋਂ ਇੱਥੇ ਸੇਵਾ ਕਰ ਰਹੇ ਹਨ। ਇੱਥੇ ਇੱਕ ਛੋਟਾ ਬੱਚਾ ਵੀ ਪਹੁੰਚਿਆ ਹੈ, ਜੋ ਟਰੈਕਟਰ ਚਲਾ ਕੇ ਸੇਵਾ ਕਰ ਰਿਹਾ ਹੈ। ਬੱਚੇ ਦਾ ਕਹਿਣਾ ਸੀ ਕਿ ਹੜ੍ਹਾਂ ਕਾਰਨ ਇੱਥੇ ਫਸਲਾਂ ਦਾ ਵੀ ਨੁਕਸਾਨ ਹੋਇਆ ਹੈ ਅਤੇ ਘਰ ਵੀ ਢਹਿ-ਢੇਰੀ ਹੋ ਗਏ।
ਇੱਕ ਹੋਰ ਨੌਜਵਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਦੱਸਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਇੱਥੇ ਸੇਵਾ ਲਈ ਪਹੁੰਚਿਆ ਹੈ। ਇੱਕ ਹੋਰ ਨੌਜਵਾਨ ਨੇ ਕਿਹਾ ਕਿ ਸਾਨੂੰ ਬੰਨ੍ਹ ਬਣਾਉਣ ਦੀ ਸੇਵਾ ਦਾ ਜਜ਼ਬਾ ਪਿੰਡ ਦੇ ਲੋਕਾਂ ਤੋਂ ਹੀ ਮਿਲਿਆ ਹੈ। ਉਸ ਨੇ ਕਿਹਾ ਕਿ ਸਾਰਿਆਂ ਨੂੰ ਰਲ ਮਿਲ ਕੇ ਸੇਵਾ ਕਰਦਿਆਂ ਦੇਖ ਕੇ ਹੀ ਸਾਨੂੰ ਸੇਵਾ ਦਾ ਜਜ਼ਬਾ ਮਿਲਿਆ ਹੈ। ਨੌਜਵਾਨ ਨੇ ਕਿਹਾ ਕਿ ਸਾਰੇ ਆਪੋ-ਆਪਣੀ ਵਾਰੀ ਨਾਲ ਸੇਵਾ ਕਰ ਰਹੇ ਹਨ। ਉਸ ਨੇ ਕਿਹਾ ਕਿ ਕੁੱਝ ਨੌਜਵਾਨ ਇਸ ਪਾਸੇ ਅਤੇ ਕੁੱਝ ਨੌਜਵਾਨ ਉਸ ਪਾਸੇ ਸੇਵਾ ਕਰ ਰਹੇ ਹਨ, ਤਾਂ ਜੋ ਆਰਜ਼ੀ ਬੰਨ੍ਹ ਤੱਕ ਜਲਦੀ ਤੋਂ ਜਲਦੀ ਰਸਤਾ ਬਣ ਕੇ ਤਿਆਰ ਹੋ ਸਕੇ। ਉਸ ਨੇ ਕਿਹਾ ਕਿ ਇਹ ਟਰੈਕਟਰ ਨਵਾਂ ਲਿਆ ਹੈ ਅਤੇ ਇੱਥੇ ਸੇਵਾ ਲਈ ਲਗਾਇਆ ਹੈ। ਇੱਥੇ ਟਰੈਕਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਜ਼ਮੀਨਾਂ ਨੂੰ ਪੱਧਰਾ ਕਰਨ ਦਾ ਕੰਮ ਜਾਰੀ ਹੈ। ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਵੇ।