
ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ ਦੀ ਪ੍ਰੀਖਿਆ ’ਚ ਮਹਿਕ ਗੁਪਤਾ ਨੇ ਚੌਥਾ ਸਥਾਨ ਕੀਤਾ ਹਾਸਲ
ਸੰਗਰੂਰ : ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਧੀ ਮਹਿਕ ਗੁਪਤਾ ਨੇ ਹਿਮਾਚਲ ਪ੍ਰਦੇਸ਼ ’ਚ ਜੱਜ ਬਣ ਕੇ ਪੰਜਾਬ ਦਾ ਨਾਂ ਉਚਾ ਕਰ ਦਿੱਤਾ ਹੈ। ਮਹਿਕ ਗੁਪਤਾ ਨੇ ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ ਦੀ ਹੋਈ ਪ੍ਰੀਖਿਆ ’ਚੋਂ ਚੌਥਾ ਸਥਾਨ ਹਾਸਲ ਕੀਤਾ ਹੈ। ਮਹਿਕ ਗੁਪਤਾ ਦੀ ਇਸ ਪ੍ਰਾਪਤੀ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਤੇਜਿੰਦਰ ਕੁਮਾਰ ਵੱਲੋਂ ਸੰਗਰੂਰ ਵਿਖੇ ਮਹਿਕ ਗੁਪਤਾ ਨਾਲ ਗੱਲਬਾਤ ਕੀਤੀ ਗਈ। ਮਹਿਕ ਗੁਪਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੂੰ ਆਪਣੀ ਤਿੰਨ-ਚਾਰ ਸਾਲ ਦੀ ਮਿਹਨਤ ਤੋਂ ਬਾਅਦ ਮਿਲੀ ਕਾਮਯਾਬੀ ’ਤੇ ਬਹੁਤ ਖੁਸ਼ੀ ਹੈ। ਮਹਿਕ ਨੇ ਦੱਸਿਆ ਕਿ ਉਹ ਪਹਿਲਾਂ ਪੰਜਾਬ ਅਤੇ ਹਰਿਆਣਾ ਜੁਡੀਸ਼ੀਅਲ ਸਰਵਿਸ ਦੀ ਪ੍ਰੀਖਿਆ ਦੇ ਚੁੱਕੀ ਸੀ ਪਰ ਉਸ ਨੂੰ ਕਾਮਯਾਬੀ ਨਹੀਂ ਮਿਲੀ ਸੀ। ਪਰ ਮੇਰੇ ਪਾਪਾ ਮੈਨੂੰ ਹਮੇਸ਼ਾ ਹੀ ਕਹਿੰਦੇ ਰਹਿੰਦੇ ਸਨ ਕਿ ਮਹਿਕ ਮੈਂ ਤੈਨੂੰ ਜੱਜ ਦੀ ਕੁਰਸੀ ’ਤੇ ਬੈਠੇ ਹੋਏ ਦੇਖਣਾ ਚਾਹੁੰਦਾ ਹੈ। ਜਦੋਂ ਮੈਂ 8ਵੀਂ ਕਲਾਸ ਵਿਚ ਪੜ੍ਹਦੀ ਹੁੰਦੀ ਸੀ ਮੇਰੇ ਪਿਤਾ ਮੈਨੂੰ ਉਦੋਂ ਜੱਜ ਬਣਾਉਣ ਦਾ ਸੁਪਨਾ ਆਪਣੇ ਮਨ ਵਿਚ ਧਾਰ ਲਿਆ ਸੀ ਅਤੇ ਮੈਂ ਵੀ ਫ਼ੈਸਲਾ ਕਰ ਲਿਆ ਸੀ ਕਿ ਮੈਂ ਜੱਜ ਬਣਨਾ ਹੈ। ਜਦਕਿ ਮੈਨੂੰ ਉਸ ਸਮੇਂ ਪਤਾ ਨਹੀਂ ਸੀ ਹੁੰਦਾ ਕਿ ਜੱਜ ਹੁੰਦਾ ਕੌਣ ਹੈ ਅਤੇ ਉਸ ਦੀ ਪਾਵਰ ਕੀ ਹੁੰਦੀ ਹੈ। ਮੈਂ ਲਗਾਤਾਰ ਮਿਹਨਤ ਕਰਦੀ ਰਹੀ ਅਤੇ ਰੋਜ਼ਾਨਾ 10 ਤੋਂ 12 ਘੰਟੇ ਪੜ੍ਹਦੀ ਰਹੀ। ਮੇਰੇ ਜੱਜ ਬਣਨ ਪਿੱਛੇ ਮੇਰੇ ਮਾਤਾ-ਪਿਤਾ, ਭੈਣ-ਭਰਾ ਅਤੇ ਭਰਜਾਈ ਦਾ ਬਹੁਤ ਹੱਥ ਹੈ। ਉਨ੍ਹਾਂ ਨੇ ਮੈਨੂੰ ਕਦੇ ਹਾਰਨ ਨਹੀਂ ਦਿੱਤਾ ਅਤੇ ਉਹ ਮੈਨੂੰ ਹਮੇਸ਼ਾ ਹੀ ਕਹਿੰਦੇ ਰਹੇ ਕਿ ਤੂੰ ਇਕ ਦਿਨ ਕਾਮਯਾਬ ਜ਼ਰੂਰ ਹੋਵੇਂਗੀ। ਮੇਰੇ ਵੱਡੇ ਭਰਾ ਸਰਕਾਰੀ ਵਕੀਲ ਹਨ ਜਦਕਿ ਛੋਟਾ ਭਰਾ ਐਲ.ਐਲ.ਬੀ. ਕਰ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਵੀ ਮੈਨੂੰ ਹਮੇਸ਼ਾ ਹੌਸਲਾ ਹੀ ਦਿੱਤਾ ਗਿਆ। ਮੈਂ ਜਦੋਂ ਚੰਡੀਗੜ੍ਹ ਵਿਖੇ ਆਪਣੇ ਛੋਟੇ ਭਰਾ ਕੋਲ ਰਹਿ ਕੇ ਇਮਤਿਹਾਨ ਦੀ ਤਿਆਰੀ ਕਰ ਰਹੀ ਸੀ ਤਾਂ ਉਹ ਸਾਰਾ ਦਿਨ ਮੇਰੇ ਕੋਲ ਬੈਠਾ ਰਹਿੰਦਾ ਸੀ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਪੈਣ ’ਤੇ ਉਹ ਮੇਰੀ ਮਦਦ ਕਰ ਸਕੇੇ। ਇਥੋਂ ਤੱਕ ਕਿ ਉਸ ਨੇ ਆਪਣੀ ਪੜ੍ਹਾਈ ਵੀ ਰੋਕ ਦਿੱਤੀ ਕਿ ਪਹਿਲਾਂ ਤੂੰ ਕਾਮਯਾਬ ਹੋ ਮੈਂ ਤਾਂ ਬਾਅਦ ਵਿਚ ਪੜ੍ਹਾਈ ਕਰ ਲਵਾਂਗਾ। ਇਸੇ ਤਰ੍ਹਾਂ ਮੇਰੀ ਵੱਡੀ ਭੈਣ ਵੱਲੋਂ ਵੀ ਮੈਨੂੰ ਬਹੁਤ ਹੌਸਲਾ ਦਿੱਤਾ ਗਿਆ ਕਿ ਤੂੰ ਆਪਣੀ ਮਿਹਨਤ ਕਰਦੀ ਰਹਿ ਅਤੇ ਪ੍ਰਮਾਤਮਾ ਜੋ ਵੀ ਕਰੇਗਾ ਉਹ ਚੰਗਾ ਹੀ ਹੋਵੇਗਾ। ਉਨ੍ਹਾਂ ਮੈਨੂੰ ਕਿਹਾ ਕਿ ਜੇਕਰ ਤੂੰ ਇਮਤਿਹਾਨ ਵਿਚ ਪਾਸ ਵੀ ਨਹੀਂ ਹੋਵੇਂਗੀ ਤਾਂ ਇਸ ਵਿਚ ਵੀ ਪ੍ਰਮਾਤਮਾ ਦਾ ਕੋਈ ਨਾ ਕੋਈ ਰਾਜ਼ ਹੀ ਹੋਵੇਗਾ। ਮੈਂ ਲਗਾਤਾਰ ਮਿਹਨਤ ਕਰਦੀ ਰਹੀ ਅਤੇ ਕਦੇ-ਕਦੇ ਮੇਰੇ ਮਨ ਵਿਚ ਡਰ ਵੀ ਬੈਠ ਜਾਂਦਾ ਕਿ ਪਤਾ ਨਹੀਂ ਮੈਂ ਕਾਮਯਾਬ ਹੋਵਾਂਗੀ ਜਾਂ ਨਹੀਂ। ਪਰ ਮੇਰੇ ਪੂਰੇ ਪਰਿਵਾਰ ਵੱਲੋਂ ਮੈਨੂੰ ਇਹੀ ਹੌਸਲਾ ਦਿੱਤਾ ਕਿ ਮਹਿਕ ਤੂੰ ਕਾਮਯਾਬ ਜ਼ਰੂਰ ਹੋਵੇਂਗੀ। ਮਹਿਕ ਨੇ ਦੱਸਿਆ ਕਿ ਜਿਸ ਦਿਨ ਰਿਜ਼ਲਟ ਆਇਆ ਮੈਨੂੰ ਉਸ ਦਿਨ ਵੀ ਇਹ ਯਕੀਨ ਨਹੀਂ ਸੀ ਹੋ ਰਿਹਾ ਕਿ ਮੈਂ ਪ੍ਰੀਖਿਆ ਪਾਸ ਕਰ ਲਈ ਹੈ। ਸਾਰੇ ਮੈਨੂੰ ਵਧਾਈਆਂ ਦੇ ਰਹੇ ਸਨ ਅਤੇ ਮੈਂ ਰੋ ਰਹੀ ਸੀ ਅਤੇ ਮਨ ਵਿਚ ਸੋਚ ਰਹੀ ਸੀ ਕਿ ਜਾਰੀ ਕੀਤੀ ਨਤੀਜੇ ਵਾਲੀ ਸੂਚੀ ਕਿਤੇ ਗਲਤ ਨਾ ਹੋਵੇ ਪਰ ਆਖਰ ਇਹ ਸਭ ਸੱਚ ਸਾਬਤ ਹੋਇਆ ਅਤੇ ਮੇਰੀ ਮਿਹਨਤ ਰੰਗ ਲਿਆਈ ਅਤੇ ਮੈਂ ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਨ ਵਿਚ ਕਾਮਯਾਬ ਹੋ ਗਈ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਮੋਬਾਇਲ ਫ਼ੋਨ ਦੀ ਵਰਤੋਂ ਕਿੰਨੀ ਕੁ ਕਰਦੇ ਸੀ। ਇਸ ਦੇ ਜਵਾਬ ’ਚ ਮਹਿਕ ਨੇ ਕਿਹਾ ਕਿ ਪ੍ਰੀਖਿਆ ਤੋਂ 5-6 ਮਹੀਨੇ ਪਹਿਲਾਂ ਮੈਂ ਸ਼ੋਸ਼ਲ ਮੀਡੀਆ ਵੇਖਣਾ ਬਿਲਕੁਲ ਹੀ ਬੰਦ ਕਰ ਦਿੱਤਾ ਸੀ। ਮੈਂ ਜਦੋਂ ਵੀ ਆਪਣੀ ਪੜ੍ਹਾਈ ਸਬੰਧੀ ਕੁੱਝ ਸਰਚ ਕਰਨਾ ਹੁੰਦਾ ਸੀ ਤਾਂ ਮੈਂ ਆਪਣੇ ਫ਼ੋਨ ਦੇ ਯੂਟਿਊਬ ਤੋਂ ਹੀ ਸਰਚ ਕਰਦੀ ਸੀ ਪਰ ਇਸ ਤੋਂ ਇਲਾਵਾ ਮੈਂ ਫ਼ੋਨ ’ਤੇ ਹੋਰ ਜ਼ਿਆਦਾ ਕੁੱਝ ਨਹੀਂ ਸੀ ਦੇਖਦੀ। ਇਸ ਮਾਮਲੇ ’ਚ ਮੇਰੇ ਸਾਰੇ ਦੋਸਤਾਂ ਵੱਲੋਂ ਸੀ ਸਾਥ ਦਿੱਤਾ ਗਿਆ ਅਤੇ ਉਨ੍ਹਾਂ ਵੱਲੋਂ ਕਦੇ ਵੀ ਮੈਨੂੰ ਸ਼ਿਕਾਇਤ ਨਹੀਂ ਕੀਤੀ ਕਿ ਉਹ ਸਾਡੀ ਫੋਨ ਨਹੀਂ ਚੁੱਕਦੀ ਜਾਂ ਸਾਡੇ ਨਾਲ ਗੱਲ ਨਹੀਂ ਕਰਦੀ। ਮਹਿਕ ਗੁਪਤਾ ਨੇ ਕਿਹਾ ਕਿ ਜੱਜ ਬਣਨ ਪਿੱਛੇ ਜਿੱਥੇ ਮੇਰੀ ਸਖਤ ਮਿਹਨਤ ਹੈ, ਉਥੇ ਹੀ ਮੇਰੇ ਸਾਰੇ ਪਰਿਵਾਰ ਅਤੇ ਮੇਰੇ ਸਾਰੇ ਦੋਸਤਾਂ ਦਾ ਵੀ ਇਸ ਵਿਚ ਬਹੁਤ ਵੱਡਾ ਸਹਿਯੋਗ ਹੈ। ਮਹਿਕ ਗੁਪਤਾ ਦੀ ਕਾਮਯਾਬੀ ’ਤੇ ਜਿੱਥੇ ਸਾਰੇ ਪਰਿਵਾਰ ਨੂੰ ਮਾਣ ਹੈ ਉਥੇ ਹੀ ਪੂਰਾ ਸੰਗਰੂਰ ਜ਼ਿਲ੍ਹਾ ਵੀ ਮਾਣ ਮਹਿਸੂਸ ਕਰ ਰਿਹਾ ਹੈ।