
ਪੀੜਤ ਕੰਚਨ ਨੇ ਹਸਪਤਾਲ ਜਾ ਕੇ ਤੋੜਿਆ ਦਮ
Garhshankar news : ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲੈਬਾਰਟਰੀ ’ਚ ਕੰਮ ਵਾਲੀ ਕੰਚਨ ਨਾਮੀ ਲਕੜੀ ਦੀ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੇ ਪਿਤਾ ਮੇਵਾ ਚੰਦ ਵਾਸੀ ਪਿੰਡ ਘਾਗੋਂ ਗੁਰੂ ਨੇ ਦੱਸਿਆ ਕਿ ਕੰਚਨ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਨੇੜੇ ਇਕ ਲੈਬਾਰਟਰੀ ਵਿਚ ਕੰਮ ਕਰਦੀ ਸੀ। ਕੰਮ ਖ਼ਤਮ ਕਰਨ ਤੋਂ ਬਾਅਦ ਉਹ ਸਕੂਟੀ ਰਾਹੀਂ ਆਪਣੇ ਪਿੰਡ ਵਾਪਸ ਜਾ ਰਹੀ ਸੀ। ਰਸਤੇ ਵਿਚ ਦੋ ਅਣਪਛਾਤੇ ਨੌਜਵਾਨਾਂ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਨੇ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਮੋੜ ’ਤੇ ਸਕੂਟੀ ਘੇਰ ਕੇ ਕੁੜੀ ਦਾ ਗਲਾ ਘੁੱਟ ਕੇ ਮੋਬਾਇਲ ਫੋਨ ਅਤੇ ਪੈਸੇ ਖੋਹ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ।
ਲੜਕੀ ਦੇ ਪਿਤਾ ਮੇਵਾ ਚੰਦ ਨੇ ਦੱਸਿਆ ਕਿ ਉਹ ਵਾਰਦਾਤ ਦਾ ਪਤਾ ਲੱਗਣ ’ਤੇ ਕੰਚਨ ਨੂੰ ਘਰ ਲੈ ਕੇ ਗਏ ਪਰ ਉਸ ਦੀ ਹਾਲਤ ਗੰਭੀਰ ਵੇਖ ਕੇ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਲੈ ਆਏ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨੇ ਪੁਲਿਸ ਨੂੰ ਗੁਹਾਰ ਲਗਾਈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਐਸ.ਐਚ.ਓ. ਗੜ੍ਹਸ਼ੰਕਰ ਗਗਨਦੀਪ ਸਿੰਘ ਸੇਖੋਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।