
ਮੋਦੀ ਸਰਕਾਰ ਅੱਜ ਆਖੇ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨ ਲਵੇਗੀ ਜੇ ਅਮਰਿੰਦਰ ਸਰਕਾਰ ਅਸਤੀਫ਼ਾ ਦੇ ਦੇਵੇ ਤਾਂ ਕੈਪਟਨ ਹੀ ਨਹੀਂ
ਅਸੈਂਬਲੀ ਵਲੋਂ ਪਾਸ ਕੀਤੇ ਚਾਰ ਕਾਨੂੰਨ ਅਜੇ ਪਹਿਲੇ ਕਦਮ ਹਨ, ਸਾਰੇ ਰਲ ਕੇ ਚਲੋ, ਲੋੜ ਪਈ ਤਾਂ ਨਵਾਂ, ਹੋਰ ਸਖ਼ਤ ਕਦਮ ਵੀ ਅਸੈਂਬਲੀ ਸੱਦ ਕੇ ਚੁਕ ਲਵਾਂਗੇ
ਚੰਡੀਗੜ੍ਹ, 1 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਕ ਟੀ.ਵੀ. ਚੈਨਲ ਨਾਲ ਗੱਲ ਕਰਦਿਆਂ ਅਕਾਲੀਆਂ ਅਤੇ 'ਆਪ' ਵਲੋਂ ਕਾਂਗਰਸ ਉਤੇ ਲਾਏ ਜਾ ਰਹੇ ਦੋਸ਼ਾਂ ਨੂੰ ਲੈ ਕੇ ਐਲਾਨ ਕੀਤਾ ਕਿ ਅਸਤੀਫ਼ਾ ਦੇਣ ਦਾ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ, ਅਕਾਲੀਆਂ ਦੇ ਬਿਆਨਾਂ ਵਰਗਾ ਥੋਥਾ ਨਹੀਂ ਬਲਕਿ ਮੇਂ ਐਲਾਨ ਕਰਦਾ ਹਾਂ ਕਿ ਕੇਂਦਰ ਅੱਜ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਸਾਡੇ ਅਸਤੀਫ਼ਿਆਂ ਦੀ ਸ਼ਰਤ ਰੱਖ ਦੇਵੇ ਤਾਂ ਇਕੱਲੇ ਕੈਪਟਨ ਹੀ ਨਹੀਂ, ਸਾਰੀ ਕੈਬਨਿਟ ਅਸਤੀਫ਼ੇ ਦੇ ਦੇਵੇਗੀ ਕਿਉਂਕਿ ਅਸੀ ਕਿਸਾਨਾਂ ਦੀ ਗੱਲ ਮੰਨੇ ਜਾਣ ਦੀ ਲੜਾਈ ਲੜ ਰਹੇ ਹਾਂ, ਅਪਣੀ ਨਿਜੀ ਲੜਾਈ ਨਹੀਂ ਲੜ ਰਹੇ। ਇਸ ਵੇਲੇ, ਜੋ ਕੋਈ ਵੀ ਬਿਨਾਂ ਕੁੱਝ ਪ੍ਰਾਪਤ ਕੀਤਿਆਂ ਜਾਂ ਆਖ਼ਰ ਤਕ ਹਰ ਕੋਸ਼ਿਸ਼ ਕਰਨ ਦੇ ਉਪਰਾਲੇ ਛੱਡ ਕੇ ਅਸਤੀਫ਼ਾ ਦੇਣ ਨੂੰ 'ਫੋਕੀ ਬਹਾਦਰੀ' ਵਜੋਂ ਪੇਸ਼ ਕਰਨ ਦੀ ਗੱਲ ਕਹਿੰਦਾ ਹੈ ਤਾਂ ਅਸਲ ਵਿਚ ਉਹ ਚਾਹੁੰਦਾ ਇਹ ਹੈ ਕਿ ਕਿਸਾਨਾਂ ਲਈ ਲੜਨ ਵਾਲੀ ਪੰਜਾਬ ਸਰਕਾਰ ਨਾ ਰਹੇ। ਅਸੀ ਹੋਰ ਵੱਡੇ ਕਦਮ ਵੀ ਜ਼ਰੂਰ ਚੁੱਕਾਂਗੇ ਪਰ ਪਹਿਲਾਂ ਲਏ ਗਏ ਫ਼ੈਸਲਿਆਂ ਨੂੰ ਰਾਸ਼ਟਰਪਤੀ ਦੇ ਧਿਆਨ ਵਿਚ ਲਿਆ ਕੇ ਪਹਿਲਾ ਫ਼ਰਜ਼ ਤਾਂ ਪੂਰਾ ਕਰ ਲਈਏ।
ਅਕਾਲੀਆਂ ਤੇ 'ਆਪ' ਲੀਡਰਾਂ ਦੇ ਇਸ ਦੋਸ਼ ਨੂੰ ਨਕਾਰਦਿਆਂ ਹੋਇਆਂ ਕਿ ਕੈਪਟਨ ਸਰਕਾਰ ਨੇ ਅਸੈਂਬਲੀ ਵਿਚ ਠੀਕ ਕਾਨੂੰਨ ਨਹੀਂ ਬਣਾਏ ਤੇ ਕਿਸਾਨਾਂ ਨਾਲ ਧੋਖਾ ਕੀਤਾ ਹੈ, ਅੱਜ ਕਿਹਾ ਕਿ ਅਸੈਂਬਲੀ ਨੇ ਇਹ ਪਹਿਲਾ ਕਦਮ ਹੀ ਚੁਕਿਆ ਹੈ, ਆਖ਼ਰੀ ਨਹੀਂ। ਇਸ ਨੂੰ ਰਾਸ਼ਟਰਪਤੀ ਦੇ ਧਿਆਨ ਵਿਚ ਲਿਆਉਣ ਦੇ ਸੰਵਿਧਾਨਕ ਫ਼ਰਜ਼ ਨੂੰ ਪੂਰਾ ਕਰਨ ਮਗਰੋਂ ਜੇ ਸਾਡਾ ਇਹ ਮਤ ਬਣਿਆ ਕਿ ਹੋਰ ਸਖ਼ਤ ਕਦਮ ਅਸੈਂਬਲੀ ਸੈਸ਼ਨ ਬੁਲਾ ਕੇ ਚੁਕਣਾ ਜ਼ਰੂਰੀ ਹੈ ਤਾਂ ਅਸੈਂਬਲੀ ਕਿਸੇ ਵੇਲੇ ਵੀ ਦੁਬਾਰਾ ਵੱਡਾ ਕਦਮ ਵੀ ਚੁਕ ਸਕਦੀ ਹੈ। ਅਜਿਹੀ ਕੋimageਈ ਗੱਲ ਨਹੀਂ ਕਿ ਅਸੈਂਬਲੀ ਇਕ ਵਾਰ ਜਿਹੜਾ ਫ਼ੈਸਲਾ ਲਵੇ, ਉਸ ਤੇ ਦੁਬਾਰਾ ਗ਼ੌਰ ਨਹੀਂ ਕਰ ਸਕਦੀ। ਲੋੜ ਹੈ ਕਿ ਸਾਰੀਆਂ ਪਾਰਟੀਆਂ ਨੇ ਜਿਹੜੀ ਏਕਤਾ ਬਿਲ ਪਾਸ ਕਰਨ ਸਮੇਂ ਵਿਖਾਈ ਸੀ, ਉਹ ਅਖ਼ੀਰ ਤਕ ਅਰਥਾਤ ਕਿਸਾਨਾਂ ਦੀ ਜਿੱਤ ਤਕ ਬਰਕਰਾਰ ਰੱਖੀ ਜਾਏ। ਉਨ੍ਹਾਂ ਕਿਹਾ ਕਿ ਅਕਾਲੀ ਅੱਜ ਸਾਡੀਆਂ ਕਮੀਆਂ ਛਾਂਟ ਰਹੇ ਹਨ ਪਰ 10 ਸਾਲ ਦੇ ਅਪਣੇ ਰਾਜ ਵਿਚ ਉਨ੍ਹਾਂ ਨੇ ਕਿਉਂ ਨਾ ਅਪਣੇ 'ਚੰਗੇ' ਪਲਾਨ ਲਾਗੂ ਕੀਤੇ?