
ਬਜ਼ੁਰਗ ਮਾਤਾ ਨੇ ਸਾਂਝੀ ਕੀਤੀ 1984 ਕਤਲੇਆਮ ਦੀ ਖ਼ੌਫ਼ਨਾਕ ਯਾਦ
ਨਵੀਂ ਦਿੱਲੀ, 1 ਨਵੰਬਰ (ਹਰਜੀਤ ਕੌਰ) : ਨਵੰਬਰ 1984 ਇਤਿਹਾਸ ਦਾ ਅਜਿਹਾ ਕਾਲਾ ਵਰਕਾ ਸੀ ਜਿਸ ਨੇ ਮਾਨਵਤਾ ਦੇ ਮੱਥੇ ਉਤੇ ਕਾਲਖ ਮਲ ਦਿਤੀ। ਐਨੇ ਵੱਡੇ ਪੱਧਰ ’ਤੇ ਸਿੱਖਾਂ ਉਤੇ ਜ਼ੁਲਮ ਸ਼ਾਇਦ ‘ਜ਼ਾਲਿਮ’ ਕਹੇ ਜਾਂਦੇ ਅੰਗਰੇਜ਼ਾਂ ਨੇ ਵੀ ਨਾ ਕੀਤੇ ਹੋਣ ਜੋ ਆਜ਼ਾਦ ਭਾਰਤ ਵਿਚ ਸਿੱਖਾਂ ’ਤੇ 31 ਅਕਤੂਬਰ 1984 ਤੋਂ ਬਾਅਦ ਕੀਤੇ ਗਏ ਤੇ ਉਹ ਵੀ ਯੋਜਨਾਬਧ ਤਰੀਕੇ ਨਾਲ ਤੇ ਸਰਕਾਰੀ ਦੀ ਸਰਪ੍ਰਸਤੀ ਅਤੇ ਸ਼ਹਿ ਹੇਠ। ਇਸ ਨਸਲਕੁਸ਼ੀ ਦੇ ਨਿਸ਼ਾਨ ਦਿੱਲੀ ਦੀਆਂ ਸੜਕਾਂ ਤੋਂ ਤਾਂ ਮਿਟਾ ਦਿਤੇ ਗਏ ਹੋਣਗੇ ਪਰ ਸਿੱਖਾਂ ਦੇ ਦਿਲਾਂ ਵਿਚੋਂ ਨਹੀਂ ਮਿਟਾਏ ਜਾ ਸਕੇ।
ਗੁੰਡਾਗਰਦੀ ਦਾ ਨੰਗਾ ਨਾਚ ਜੋ ਦਿੱਲੀ ਵਿਚ ਹੋਇਆ ਉਹ ਮਹਾਮਾਰੀ ਵਾਂਗ ਹੋਂਦ ਚਿੱਲੜ ਸਮੇਤ ਦੇਸ਼ ਭਰ ਵਿਚ ਫੈਲਿਆ। ਹਜ਼ਾਰਾਂ ਸਿੱਖਾਂ ਨੂੰ ਘਰਾਂ ਵਿਚੋਂ ਕੱਢ-ਕੱਢ ਕੇ ਮਾਰਿਆ ਗਿਆ, ਹਜ਼ਾਰਾਂ ਧੀਆਂ ਭੈਣਾਂ ਦੀ ਉਨ੍ਹਾਂ ਦੇ ਪ੍ਰਵਾਰ ਸਾਹਮਣੇ ਬੇਪਤੀ ਕੀਤੀ ਗਈ, ਹੱਥ-ਪੈਰ ਬੰਨ੍ਹ ਕੇ ਜਿਉਂਦਿਆਂ ਨੂੰ ਅੱਗਾਂ ਲਗਾ ਕੇ ਆਲੇ ਦੁਆਲੇ ਖੜੇ ਗੁੰਡਿਆਂ ਨੇ ਹੱਸ-ਹੱਸ ਕੇ ਮੌਤ ਦਾ ਤਮਾਸ਼ਾ ਦੇਖਿਆ। ‘ਸਿੱਖਾਂ ਨੂੰ ਸਬਕ ਸਿਖਾਉਣ ਲਈ’ ਜੋ ਮਨੁੱਖਤਾ ਦਾ ਘਾਣ ਹੋਇਆ ਉਹ ਸ਼ਬਦਾਂ ਵਿਚ ਲਿਖਣਾ ਸ਼ਾਇਦ ਸੰਭਵ ਹੀ ਨਹੀਂ।
ਰੋਜ਼ਾਨਾ ਸਪੋਕਸਮੈਨ ਨੇ ਦਿੱਲੀ ਦੀ ਵਿਧਵਾ ਕਲੋਨੀ ਪਹੁੰਚ ਮਾਤਾ ਸ਼ਮਲੀ ਕੌਰ ਨਾਲ ਗੱਲਬਾਤ ਕੀਤੀ। ਦੱਸ ਦੇਈਏ ਮਾਤਾ ਸ਼ਮਲੀ ਕੌਰ ਦਾ ਪੂਰਾ ਪ੍ਰਵਾਰ 1984 ਦੇ ਦੰਗਿਆ ਦੀ ਭੇਂਟ ਚੜ੍ਹ ਗਿਆ। ਮਾਤਾ ਨੇ ਗੱਲਬਾਤ ਕਰਦਿਆਂ 1984 ਦੀ ਹੱਡਬੀਤੀ ਦੱਸੀ। ਉਨ੍ਹਾਂ ਦਸਿਆ ਕਿ 31 ਅਕਤੂਬਰ ਵਾਲੇ ਦਿਨ ਇੰਦਰ ਗਾਂਧੀ ਮਰੀ ਸੀ। ਅਸੀਂ ਸਾਰੇ ਅਪਣੇ ਘਰਾਂ ਵਿਚ ਸੀ। ਰਾਤ ਹੋਈ ਰਾਜੀਵ ਨੇ ਗਿਆਨੀ ਜੈਲ ਸਿੰਘ ਤੋਂ ਹਸਤਾਖਰ ਕਰਵਾਏ। ਅਮਿਤਾਭ ਬਚਨ ਨੇ ਕਿਹਾ ਸੀ ‘ਖ਼ੂਨ ਦਾ ਬਦਲਾ ਖ਼ੂਨ, ਸਿੱਖਾਂ ਨੂੰ ਮਾਰ ਦਿਉ’। ਸਵੇਰ ਹੁੰਦਿਆਂ ਹੀ 36 ’ਚ ਬਣੇ ਗੁਰਦੁਆਰੇ ਨੂੰ ਅੱਗ ਲਾ ਦਿਤੀ। ਅਸੀਂ ਛੱਤਾਂ ਉਪਰ ਚੜ੍ਹ ਕੇ ਵੇਖ ਰਹੇ ਸੀ ਕਿ ਇਹ ਧੂੰਆ ਕਿਸ ਚੀਜ਼ ਦਾ ਹੋ ਰਿਹਾ ਹੈ। ਸਾਨੂੰ ਪਤਾ ਲੱਗਾ ਗੁਰਦੁਆਰੇ ਨੂੰ ਅੱਗ ਲਾ ਦਿਤੀ ਗਈ। ਗ੍ਰੰਥੀ ਨੂੰ ਜ਼ਿੰਦਾ ਸਾੜ ਦਿਤਾ ਗਿਆ। ਸਾਡੇ ਬਾਬੇ ਦੀ ਬੀੜ ਸਾੜ ਦਿਤੀ। ਮਾਤਾ ਨੇ ਰੌਂਦਿਆ ਹੋਇਆ ਦਸਿਆ ਕਿ ਉਸ ਦੇ ਪ੍ਰਵਾਰ ਦੇ ਅੱਠ ਜੀਆਂ ਨੂੰ ਉਸ ਦੇ ਸਾਹਮਣੇ ਮਾਰਿਆ। ਸਾਡੀ ਪੂਰੀ ਗਲੀ ਖ਼ਤਮ ਕਰ ਦਿਤੀ। ਅਸੀਂ ਜੰਗਲਾਂ ’ਚ ਭੱਜ ਕੇ ਅਪਣੀ ਜਾਨ ਬਚਾਈ ’ਤੇ ਹੁਣ ਵਿਧਵਾ ਕਾਲੋਨੀ ਵਿਚ ਰਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ। ਮਾਤਾ ਨੇ ਕਿਹਾ ਕਿ ਜਦੋਂ ਵੀ ਨਵੰਬਰ ਆਉਂਦੀ ਹੈ ਸਾਡਾ ਦਿਨ, ਰਾਤ ਕਾਲੀ ਹੁੰਦੀ ਹੈ। ਸਾਡੇ ਜ਼ਖ਼ਮ ਅੱਲੇ ਹੋ ਜਾਂਦੇ ਹਨ। 36 ਸਾਲਾ ਬਾਅਦ ਵੀ ਕੋਈ ਇਨਸਾਫ਼ ਨਹੀਂ ਮਿਲਿਆ। ਮਾਵਾਂ-ਧੀਆਂ ਦੀਆਂ ਇੱਜ਼ਤਾਂ ਲੁਟੀਆਂ। ਤਨ ਤੇ ਪਾਉਣ ਨੂੰ ਕਪੜੇ ਨਹੀਂ ਸਨ। ਅਸੀਂ ਜੰਗਲਾਂ ਵਿਚ 3-4 ਦਿਨ ਰਹੇ। ਫਿਰ ਮਿਲਟਰੀ ਆਈ। ਸਾਨੂੰ ਉਥੋਂ ਬਾਹਰ ਲੈ ਕੇ ਗਈ। ਅੱਜ 36 ਸਾਲ ਬੀਤ ਗਏ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ। ਜੇ ਪ੍ਰਧਾਨ ਮੰਤਰੀ ਚੰਗਾ ਹੋਵੇ ਤਾਂ ਹੀ ਸਿੱਖਾਂ ਨੂੰ ਇਨਸਾਫ਼ ਮਿਲੇ। ਅੱਜ ਕਿਸਾਨਾਂ ਨੂੰ ਕਿੰਨੇ ਦਿਨ ਹੋ ਗਏ ਧਰਨੇ ’ਤੇ ਬੈਠਿਆਂ ਨੂੰ। ਕਿੰਨੇ ਕਿਸਾਨ ਸ਼ਹੀਦ ਹੋ ਗਏ। ਇਸ ਨੇ ਕਿਸਾਨਾਂ ਨੂੰ ਇਨਸਾਫ਼ ਦਿਤਾ? ਮੋਦੀ ਸਿੱਖਾਂ ਦਾ ਦੁਸ਼ਮਣ ਹੈ ਇਹ ਨਹੀਂ ਚਾਹੁੰਦਾ ਸਿੱਖਾਂ ਦਾ ਰਾਜ ਆਵੇ।