
ਸ਼ਹੀਦ ਮਨਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ
ਦਸੂਹਾ, 1 ਨਵੰਬਰ (ਹਰਵਿੰਦਰ) : ਪਿੰਡ ਖੇੜਾ ਕੋਟਲੀ ਦਾ ਮਨਜੀਤ ਸਿੰਘ ਉਰਫ਼ ਸਾਬੀ ਜੋ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿਚ ਸ਼ਹੀਦ ਹੋ ਗਿਆ ਸੀ ਅੱਜ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਗਿਆ।
ਮਨਜੀਤ ਸਿੰਘ ਜੋ 6 ਸਾਲ ਪਹਿਲਾਂ 17 ਸਿਖਲਾਈ ਵਿਚ ਭਰਤੀ ਹੋਇਆ ਸੀ। ਜਾਣਕਾਰੀ ਮੁਤਾਬਕ ਸ਼ਹੀਦ ਮਨਜੀਤ ਸਿੰਘ ਨੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਹੀ ਛੁੱਟੀ ਆਉਣਾ ਸੀ। ਪਿੰਡ ਵਾਸੀਆਂ ਮੁਤਾਬਕ ਉਸ ਦੀ ਮੰਗਣੀ ਹੋ ਚੁੱਕੀ ਸੀ ਤੇ ਕੁੱਝ ਸਮੇਂ ਤਕ ਉਸ ਦੇ ਵਿਆਹ ਦੀ ਤਰੀਕ ਤੈਅ ਕੀਤੀ ਜਾਣੀ ਸੀ। ਸ਼ਹੀਦ ਮਨਜੀਤ ਸਿੰਘ ਚਾਰ ਭੈਣਾਂ ਤੇ ਇਕ ਭਰਾ ਤੋਂ ਛੋਟਾ ਸੀ, ਜਿਸ ਦੀ ਅਚਾਨਕ ਹੋਈ ਸ਼ਹਾਦਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਅੱਜ ਜਦੋਂ ਉਸ ਦੀ ਮਿ੍ਰਤਕ ਦੇਹ ਉਸ ਦੇ ਜੱਦੀ ਪਿੰਡ ਖੇੜਾ ਕੋਟਲੀ ਵਿਚ ਆਈ ਤਾਂ ਉਸ ਸਮੇਂ ਬਹੁਤ ਹੀ ਗ਼ਮਗੀਨ ਮਾਹੌਲ ਬਣ ਗਿਆ। ਸ਼ਹੀਦ ਦੇ ਪਰਵਾਰ ਮੈਂਬਰਾਂ ਵਲੋਂ ਕੀਤੇ ਜਾ ਰਹੇ ਵਿਰਲਾਪਾਂ ਨੇ ਹਰ ਇਕ ਦੀਆਂ ਅੱਖਾਂ ਨਮ ਕਰ ਦਿਤੀਆਂ।
ਸ਼ਹੀਦ ਮਨਜੀਤ ਸਿੰਘ ਦੀ ਮ੍ਰਿਤਕ ਦੇਹ ਪੂਰੇ ਸਰਕਾਰੀ ਸਨਮਾਨਾਂ ਹੇਠ ਤਿਰੰਗੇ ਵਿਚ ਲਿਪਟੀ ਹੋਈ ਸੀ। ਇਲਾਕੇ ਦੇ ਨੌਜਵਾਨਾਂ ਵਲੋਂ ਸ਼ਹੀਦ ਮਨਜੀਤ ਸਿੰਘ ਅਮਰ ਰਹੇ ਦੇ ਨਾਹਰੇ ਲਗਾਏ ਜਾ ਰਹੇ ਸਨ। ਅਗਨ ਭੇਂਟ ਕਰਨ ਤੋਂ ਪਹਿਲਾਂ ਸੈਨਿਕ ਟੁਕੜੀ ਵਲੋਂ ਸ਼ਹੀਦ ਨੂੰ ਸਲਾਮੀ ਦਿਤੀ ਗਈ ਤੇ ਦੋ ਮਿੰਟ ਦਾ ਮੌਨ ਵੀ ਰਖਿਆ ਗਿਆ। ਇਸ ਤੋਂ ਬਾਅਦ ਡੀ.ਸੀ. ਹੁਸ਼ਿਆਰਪੁਰ ਅਪਨੀਤ ਕੌਰ ਰਿਆਤ ਅਤੇ ਸੈਨਿਕਾਂ ਵਲੋਂ ਸ਼ਹੀਦ ਦੀ ਮਿ੍ਰਤਕ ਦੇਹ ’ਤੇ ਪਾਏ ਗਏ ਤਿਰੰਗੇ ਨੂੰ ਪਰਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ ਅਤੇ ਉਹਨਾਂ ਨਾਲ ਹਮਦਰਦੀ ਪ੍ਰਗਟਾਈ।
ਇਸ ਮੌਕੇ ਕਈ ਉੱਘੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਰਾਜਨੀਤਕ ਤੇ ਧਾਰਮਕ ਆਗੂਆਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ।