
ਗਾਂਧੀਆਂ ਨੇ ਟਾਈਟਲਰ ਨੂੰ ਦਿਤੀ ਜ਼ਿੰਮੇਵਾਰੀ ਤੇ ਬਾਦਲਾਂ ਨੇ
ਪੀੜਤ ਪ੍ਰਵਾਰਾਂ ਅਤੇ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਦੀ ਨਹੀਂ ਕੋਈ ਫ਼ਿਕਰ
ਕੋਟਕਪੂਰਾ, 1 ਨਵੰਬਰ (ਗੁਰਿੰਦਰ ਸਿੰਘ) : ਸਿਆਸੀ ਪਾਰਟੀਆਂ ਨੂੰ ਵੋਟ ਬੈਂਕ ਜ਼ਿਆਦਾ ਪਿਆਰਾ ਹੁੰਦਾ ਹੈ, ਨਾ ਕੋਈ ਵਿਚਾਰਧਾਰਾ ਅਤੇ ਨਾ ਹੀ ਸਿਧਾਂਤ। ਸਿਆਸਤਦਾਨਾਂ ਨੂੰ ਅਪਣੇ ਵਰਕਰਾਂ ਜਾਂ ਆਮ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਕੋਈ ਫ਼ਿਕਰ ਨਹੀਂ ਹੁੰਦਾ। ਉਕਤ ਸਤਰਾਂ ਲੰਮੇ ਸਮੇਂ ਤੋਂ ਕਾਂਗਰਸ ਅਤੇ ਅਕਾਲੀ ਦਲ ਦੀ ਅਗਵਾਈ ਕਰ ਰਹੇ ਦੋ ਪ੍ਰਵਾਰਾਂ ਕ੍ਰਮਵਾਰ ਗਾਂਧੀ ਪ੍ਰਵਾਰ ਅਤੇ ਬਾਦਲ ਪ੍ਰਵਾਰ ’ਤੇ ਪੂਰੀ ਤਰ੍ਹਾਂ ਢੁਕਦੀਆਂ ਹਨ।
ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾ ਸਿਰ ’ਤੇ ਹੋਣ ਦੇ ਬਾਵਜੂਦ ਵੀ ਉਕਤ ਪਾਰਟੀਆਂ ਅਪਣੇ ਵਰਕਰਾਂ, ਪੀੜਤ ਪ੍ਰਵਾਰਾਂ ਜਾਂ ਆਮ ਲੋਕਾਂ ਦੀਆਂ ਭਾਵਨਾਵਾਂ ਬਾਰੇ ਸੋਚਣ ਨੂੰ ਤਿਆਰ ਨਹੀਂ। ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਦੋ ਸਿੱਖ ਬਾਡੀਗਾਰਡਾਂ ਵਲੋਂ ਹਤਿਆ ਕਰ ਦੇਣ ਦੀ ਘਟਨਾ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਸਿੱਖ ਕਤਲੇਆਮ ਹੋਇਆ, ਜਾਂਚ ਲਈ ਅਨੇਕਾਂ ਕਮਿਸ਼ਨ ਬਣੇ। ਸੱਜਣ ਸਿੰਘ, ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਵਰਗੇ ਸੀਨੀਅਰ ਕਾਂਗਰਸੀ ਆਗੂ ਸਿੱਖ ਕਤਲੇਆਮ ਵਿਚ ਦੋਸ਼ੀ ਪਾਏ ਗਏ ਪਰ ਗਾਂਧੀ ਪ੍ਰਵਾਰ ਵਲੋਂ ਕਈ ਵਾਰ ਜਗਦੀਸ਼ ਟਾਈਟਲਰ ਨੂੰ ਕਾਂਗਰਸ ਪਾਰਟੀ ਵਿਚ ਕੋਈ ਅਹੁਦਾ ਦੇਣ ਜਾਂ ਪਾਰਟੀ ਟਿਕਟ ਦੇਣ ਦਾ ਜ਼ਬਰਦਸਤ ਵਿਰੋਧ ਹੋਇਆ, ਹੁਣ ਫਿਰ ਟਾਈਟਲਰ ਨੂੰ ਦਿੱਲੀ ਦੀ ਸਥਾਈ ਕਮੇਟੀ ਦਾ ਮੈਂਬਰ ਬਣਾਏ ਜਾਣ ਦਾ ਜ਼ਬਰਦਸਤ ਵਿਰੋਧ ਹੋਣ ਦੇ ਬਾਵਜੂਦ ਗਾਂਧੀ ਪ੍ਰਵਾਰ ਟਸ ਤੋਂ ਮਸ ਨਹੀਂ ਹੋ ਰਿਹਾ ਤੇ ਦੁਨੀਆਂ ਭਰ ਦੇ ਜਾਗਰੂਕ ਸਿੱਖਾਂ ਅਤੇ ਵਿਰੋਧੀ ਪਾਰਟੀਆਂ ਦੀ ਸਖ਼ਤ ਨੁਕਤਾਚੀਨੀ ਦੇ ਬਾਵਜੂਦ ਪੰਜਾਬ ਦੀ ਸਮੁੱਚੀ ਕਾਂਗਰਸੀ ਲੀਡਰਸ਼ਿਪ ਵੀ ਚੁੱਪ ਹੈ। ਭਾਵੇਂ 1 ਨਵੰਬਰ ਦਾ ਦਿਨ ਪੀੜਤ ਪ੍ਰਵਾਰਾਂ ਲਈ ਅਸਹਿ ਅਤੇ ਦੁਖਦਾਇਕ ਹੁੰਦਾ ਹੈ ਪਰ ਗਾਂਧੀ ਪ੍ਰਵਾਰ ਨੂੰ ਸ਼ਾਇਦ ਇਸ ਦੀ ਕੋਈ ਪ੍ਰਵਾਹ ਨਹੀਂ।
ਇਸੇ ਤਰ੍ਹਾਂ ਬਾਦਲ ਪ੍ਰਵਾਰ ਅਤੇ ਬਾਦਲ ਦਲ ਦੇ ਆਗੂਆਂ ਨੇ ਗਾਂਧੀ ਪ੍ਰਵਾਰ ਵਿਰੁਧ ਮੋਰਚਾ ਤਾਂ ਖੋਲ੍ਹ ਦਿਤਾ ਹੈ ਪਰ ਡੇਰਾ ਸਿਰਸਾ ਦੇ ਪ੍ਰੇਮੀਆਂ ਦੇ ਮੁੱਦੇ ’ਤੇ ਬਾਦਲ ਪ੍ਰਵਾਰ ਵੀ ਕਟਹਿਰੇ ਵਿਚ ਹੈ। ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਦਾ ਜਾਂਚ ਟੀਮਾਂ ਅਤੇ ਕਮਿਸ਼ਨਾਂ ਵਲੋਂ ਸੱਚ ਸਾਹਮਣੇ ਲਿਆਉਣ ਤੋਂ ਬਾਅਦ ਦੁਨੀਆਂ ਭਰ ਦੇ ਸਿੱਖਾਂ ਨੂੰ ਚਾਨਣਾ ਹੋ ਗਿਆ ਕਿ ਡੇਰਾ ਪੇ੍ਰਮੀਆਂ ਨੇ ਬਾਦਲਾਂ ਦੀ ਸਰਪ੍ਰਸਤੀ ਹੇਠ ਪਾਵਨ ਸਰੂਪ ਚੋਰੀ ਕੀਤਾ, ਇਤਰਾਜ਼ਯੋਗ ਪੋਸਟਰ ਲਾਏ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇ ਦਿਤਾ ਪਰ ਬਾਦਲਾਂ ਨੇ ਡੇਰਾ ਪੇ੍ਰਮੀਆਂ ਨੂੰ ਪਾਰਟੀ ਵਿਚ ਅਹੁਦੇ ਹੀ ਨਾ ਦਿਤੇ ਬਲਕਿ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਪੰਚਾਇਤੀ ਅਤੇ ਨਗਰ ਕੌਂਸਲ ਚੋਣਾਂ ਵਿਚ ਅਕਾਲੀ ਦਲ ਦੀਆਂ ਟਿਕਟਾਂ ਦੇਣ ਤੋਂ ਵੀ ਸੰਕੋਚ ਨਾ ਕੀਤਾ। ਹੁਣ ਡੇਰਾ ਸਿਰਸਾ ਦੇ ਪਿਛਲੇ ਕਰੀਬ 30 ਸਾਲਾਂ ਤੋਂ ਪੇ੍ਰਮੀ ਤੁਰੇ ਆਉਂਦੇ ਹਰਦੇਵ ਸਿੰਘ ਇੰਸਾ ਸਾਬਕਾ ਸਰਪੰਚ ਪਿੰਡ ਗੋਬਿੰਦਗੜ (ਅਬੋਹਰ) ਨੂੰ ਰਾਖਵੇਂ ਹਲਕੇ ਬੱਲੂਆਣਾ ਤੋਂ ਅਕਾਲੀ ਦਲ ਬਾਦਲ ਦੀ ਟਿਕਟ ਮਿਲਣ ਦਾ ਜ਼ਬਰਦਸਤ ਵਿਰੋਧ ਹੋਇਆ, ਬੇਅਦਬੀ ਕਾਂਡ ਦਾ ਇਨਸਾਫ ਮੰਗ ਰਹੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਸੀਆ ਅਤਿਆਚਾਰ ਤੋਂ ਪੀੜਤ ਪ੍ਰਵਾਰਾਂ ਦੇ ਜ਼ਖ਼ਮ ਫਿਰ ਹਰੇ ਹੋ ਗਏ ਪਰ ਬਾਦਲ ਪ੍ਰਵਾਰ ਨੂੰ ਕੋਈ ਪ੍ਰਵਾਹ ਨਹੀਂ।