
ਉਤਰ ਪ੍ਰਦੇਸ਼ 'ਚ ਕਾਂਗਰਸ ਨੇ ਔਰਤਾਂ ਲਈ ਵਖਰਾ ਚੋਣ ਮਨੋਰਥ ਪੱਤਰ ਕੀਤਾ ਤਿਆਰ
ਸਾਲਾਨਾ ਭਰੇ ਹੋਏ ਤਿੰਨ ਰਸੋਈ ਗੈਸ ਸਿਲੰਡਰ ਮੁਫ਼ਤ ਦਿਤੇ ਜਾਣਗੇ
ਲਖਨਊ, 1 ਨਵੰਬਰ : ਕਾਂਗਰਸ ਜਨਰਲ ਸਕੱਤਰ ਅਤੇ ਪਾਰਟੀ ਦੀ ਉਤਰ ਪ੍ਰਦੇਸ਼ ਮੁਖੀ ਪਿ੍ਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਔਰਤਾਂ ਲਈ ਇਕ ਵਖਰਾ ਚੋਣ ਮਨੋਰਥ ਪੱਤਰ ਤਿਆਰ ਕੀਤਾ ਹੈ | ਪਿ੍ਯੰਕਾ ਨੇ ਟਵੀਟ ਕੀਤਾ ਕਿ,''ਉਤਰ ਪ੍ਰਦੇਸ਼ ਦੀਆਂ ਮੇਰੀਆਂ ਭੈਣਾਂ, ਤੁਹਾਡਾ ਹਰ ਦਿਨ ਸੰਘਰਸ਼ਾਂ ਨਾਲ ਭਰਿਆ ਹੈ | ਕਾਂਗਰਸ ਪਾਰਟੀ ਨੇ ਇਸ ਨੂੰ ਸਮਝਦੇ ਹੋਏ ਵਖਰੇ ਤੌਰ 'ਤੇ ਔਰਤਾਂ ਲਈ ਚੋਣ ਮਨੋਰਥ ਪੱਤਰ ਤਿਆਰ ਕੀਤਾ ਹੈ |''
ਉਨ੍ਹਾਂ ਨੇ ਇਸੇ ਟਵੀਟ ਵਿਚ ਮੈਨੀਫ਼ੈਸਟੋ 'ਚ ਸ਼ਾਮਲ ਕੁਝ ਵਾਅਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ,''ਕਾਂਗਰਸ ਪਾਰਟੀ ਦੀ ਸਰਕਾਰ ਬਣਨ 'ਤੇ ਸਾਲਾਨਾ ਭਰੇ ਹੋਏ ਤਿੰਨ ਰਸੋਈ ਗੈਸ ਸਿਲੰਡਰ ਮੁਫ਼ਤ ਦਿਤੇ ਜਾਣਗੇ | ਨਾਲ ਹੀ ਸੂਬੇ ਦੀਆਂ ਸਰਕਾਰੀ ਬਸਾਂ 'ਚ ਔਰਤਾਂ ਲਈ ਮੁਫ਼ਤ ਯਾਤਰਾ ਦਾ ਪ੍ਰਬੰਧ ਹੋਵੇਗਾ |'' ਪਿ੍ਯੰਕਾ ਨੇ ਇਸ ਟਵੀਟ ਨਾਲ ਇਕ ਤਸਵੀਰ ਨੂੰ ਵੀ ਟੈਗ ਕੀਤਾ, ਜਿਸ 'ਚ ਔਰਤਾਂ ਲਈ ਕਈ ਵਾਅਦਿਆਂ ਦਾ ਜ਼ਿਕਰ ਹੈ |
ਪਿ੍ਯੰਕਾ ਮੁਤਾਬਕ ਆਸ਼ਾ ਅਤੇ ਆਂਗਨਬਾੜੀ ਵਰਕਰਾਂ ਨੂੰ ਹਰ ਮਹੀਨੇ 10,000 ਰੁਪਏ ਮਾਣ ਭੱਤਾ ਦੇਣ, ਨਵੇਂ ਸਰਕਾਰੀ ਅਹੁਦਿਆਂ 'ਤੇ ਰਾਖਵਾਂਕਾਰਨ ਦੀਆਂ ਵਿਵਸਥਾਵਾਂ ਮੁਤਾਬਕ 40 ਫ਼ੀ ਸਦੀ ਅਹੁਦਿਆਂ 'ਤੇ ਔਰਤਾਂ ਦੀ ਨਿਯੁਕਤੀ, 1000 ਰੁਪਏ ਪ੍ਰਤੀ ਮਹੀਨਾ ਬਜ਼ੁਰਗ-ਵਿਧਵਾ ਪੈਨਸ਼ਨ ਦੇਣ ਅਤੇ ਉੱਤਰ ਪ੍ਰਦੇਸ਼ ਦੀਆਂ ਪ੍ਰਸਿਧ ਅਤੇ ਦਲੇਰ ਔਰਤਾਂ ਦੇ ਨਾਂ 'ਤੇ ਪ੍ਰਦੇਸ਼ ਭਰ ਵਿਚ 75 ਸਕਿਲ ਸਕੂਲ ਖੁੋਲ੍ਹਣ ਦੇ ਵਾਅਦੇ ਸ਼ਾਮਲ ਹਨ | ਜ਼ਿਕਰਯੋਗ ਹੈ ਕਿ ਕਾਂਗਰਸ ਦਾ ਗੁਆਚਿਆ ਹੋਇਆ ਜਨਆਧਾਰ ਵਾਪਸ ਦਿਵਾਉਣ ਦੀ ਕੋਸ਼ਿਸ਼ 'ਚ ਜੁਟੀ ਪਿ੍ਯੰਕਾ ਗਾਂਧੀ ਅਪਣੀ ਚੋਣ ਮੁਹਿੰਮ ਦੌਰਾਨ ਖ਼ਾਸ ਤੌਰ 'ਤੇ ਔਰਤਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਇਸ ਤੋਂ ਪਹਿਲਾਂ ਉਹ ਉੱਤਰ ਪ੍ਰਦੇਸ਼ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 'ਚ 40 ਫ਼ੀ ਸਦੀ ਸੀਟਾਂ 'ਤੇ ਔਰਤ ਉਮੀਦਵਾਰ ਉਤਾਰਨ ਦੇ ਐਲਾਨ ਦੇ ਨਾਲ-ਨਾਲ ਵਿਦਿਆਰਥਣਾਂ ਨੂੰ ਸਮਾਰਟਫ਼ੋਨ ਅਤੇ ਇਲੈਕਟਿ੍ਕ ਸਕੂਟੀ ਦੇਣ ਦਾ ਵੀ ਐਲਾਨ ਕਰ ਚੁਕੀ ਹੈ | (ਪੀਟੀਆਈ)