
ਜੈਜੀਤ ਜੌਹਲ ਨੇ ਕੇਜਰੀਵਾਲ ਵਿਰੁਧ ਦਾਇਰ ਕੀਤਾ ਮਾਣਹਾਨੀ ਦਾ ਕੇਸ
ਬਠਿੰਡਾ 'ਚ ਜੋਜੋ ਟੈਕਸ ਲੱਗਣ ਦਾ ਕੀਤਾ ਸੀ ਦਾਅਵਾ
ਬਠਿੰਡਾ, 1 ਨਵੰਬਰ (ਸੁਖਜਿੰਦਰ ਮਾਨ): ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁਧ ਅੱਜ ਕਿ੍ਮੀਨਲ ਮਾਣਹਾਨੀ ਦਾ ਕੇਸ ਦਾਇਰ ਕਰ ਦਿਤਾ ਹੈ |
ਵਕੀਲ ਸੰਜੇ ਗੋਇਲ ਰਾਹੀ ਅਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਪਿਲ ਦੇਵ ਸਿੰਗਲਾ ਦੀ ਅਦਾਲਤ ਵਿਚ ਜੈਜੀਤ ਜੌਹਲ ਦੇ ਬਿਆਨ ਵੀ ਕਲਮਬੰਦ ਕੀਤੇ ਗਏ | ਭਾਰਤੀ ਦੰਡਾਵਲੀ ਦੀ ਧਾਰਾ 499,500 ਤਹਿਤ ਦਾਇਰ ਕੀਤੇ ਿਾੲਸ ਕੇਸ ਦੀ ਅਗਲੀ ਸੁਣਵਾਈ 15 ਨਵੰਬਰ ਨੂੰ ਹੋਵੇਗੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੌਹਲ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਨੇ ਉਸ ਦੇ ਸਿਆਸੀ ਅਕਸ ਨੂੰ ਢਾਹ ਲਾਉਣ ਲਈ ਬੇਤੁਕੀ ਬਿਆਨਬਾਜ਼ੀ ਕੀਤੀ ਹੈ ਤੇ ਉਹ ਅਜਿਹਾ ਕਰਨ ਦੇ ਆਦੀ ਹਨ ਤੇ ਪਹਿਲਾਂ ਵੀ ਉਨ੍ਹਾਂ ਬਿਕਰਮ ਸਿੰਘ ਮਜੀਠੀਆ ਅਤੇ ਅਰੁਣ ਜੇਤਲੀ ਵਿਰੁਧ ਦੋਸ਼ ਲਗਾਏ ਤੇ ਬਾਅਦ ਵਿਚ ਮਾਫ਼ੀ ਮੰਗ ਲਈ ਸੀ | ਜੈਜੀਤ ਨੇ ਦਾਅਵਾ ਕੀਤਾ ਕਿ ਉਹ ਕੇਜਰੀਵਾਲ ਦੀ ਮੁਆਫ਼ੀ ਸਵੀਕਾਰ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਕੇਸ ਰਾਹੀਂ ਅਦਾਲਤ ਦੇ ਧਿਆਨ ਵਿਚ ਲਿਆਂਦਾ ਹੈ ਕਿ ਅਰਵਿੰਦ ਕੇਜਰੀਵਾਲ ਸਿਆਸੀ ਮਾਈਲੇਜ ਲੈਣ ਲਈ ਚੋਣਾਂ ਤੋਂ ਪਹਿਲਾਂ ਅਜਿਹੇ ਦੋਸ਼ ਲਾਉਂਦਾ ਹੈ ਪਰ ਚੋਣਾਂ ਹੋਣ ਤੋਂ ਬਾਅਦ ਤੁਰਤ ਮਾਫ਼ੀ ਮੰਗ ਲੈਂਦਾ ਹੈ |
ਜ਼ਿਕਰਯੋਗ ਹੈ ਕਿ 29 ਅਕਤੂਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
ਨੇ ਬਠਿੰਡਾ ਵਿਚ ਵਪਾਰੀਆਂ ਨਾਲ ਮੀਟਿੰਗ ਕੀਤੀ ਸੀ ਜਿਸ ਦੌਰਾਨ ਉਨ੍ਹਾਂ ਜੈਜੀਤ ਸਿੰਘ ਜੌਹਲ 'ਤੇ ਜੋ ਜੋ ਟੈਕਸ ਸਬੰਧੀ ਕੁੱਝ ਟਿਪਣੀਆਂ ਕੀਤੀਆਂ ਸਨ | ਇਸ ਤੋਂ ਤੁਰਤ ਬਾਅਦ ਹੀ ਜੈਜੀਤ ਜੌਹਲ ਨੇ ਐਲਾਨ ਕਰ ਦਿਤਾ ਸੀ ਕਿ ਉਹ ਅਰਵਿੰਦ ਕੇਜਰੀਵਾਲ ਵਿਰੁਧ ਮਾਣਹਾਨੀ ਦਾ ਕੇਸ ਦਾਇਰ ਕਰਨਗੇ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜਨ ਗਰਗ, ਕੇ.ਕੇ.ਅਗਰਵਾਲ, ਅਸੋਕ ਪ੍ਰਧਾਨ, ਬਲਜਿੰਦਰ ਠੇਕੇਦਾਰ, ਮਾਸਟਰ ਹਰਮੰਦਰ ਸਿੰਘ, ਗੁਰਇਕਬਾਲ ਸਿੰਘ ਚਹਿਲ ਅਤੇ ਸਮੂਹ ਕੌਂਸਲਰ ਮੌਜੂਦ ਸਨ |