
ਬੱਚਿਆਂ ਦਾ ਕਤਲ, ਪਤਨੀ ਨੂੰ ਜ਼ਖ਼ਮੀ ਕਰਨ ਤੋਂ ਬਾਅਦ 6 ਮੰਜ਼ਲਾ ਇਮਾਰਤ ਤੋਂ ਮਾਰੀ ਛਾਲ, ਮੌਤ
ਰਾਏਪੁਰ, 1 ਨਵੰਬਰ : ਛੱਤੀਸਗੜ੍ਹ ਦੇ ਰਾਏਪੁਰ ਜ਼ਿਲ੍ਹੇ ਵਿਚ ਇਕ ਵਿਅਕਤੀ ਨੇ ਅਪਣੇ ਦੋ ਬੱਚਿਆਂ ਦਾ ਕਤਲ ਕਰਨ ਤੇ ਪਤਨੀ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ | ਰਾਏਪੁਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ | ਅਧਿਕਾਰੀਆਂ ਨੇ ਦਸਿਆ ਕਿ ਜ਼ਿਲ੍ਹੇ ਦੇ ਨਵਾ ਰਾਏਪੁਰ ਵਿਚ ਰਾਖੀ ਥਾਣਾ ਖੇਤਰ ਅਧੀਨ ਸੈਕਟਰ 27 ਨਿਵਾਸੀ ਝੰਕਾਰ ਭਾਸਕਰ (32) ਨੇ ਛੇ ਮੰਜ਼ਲਾ ਇਮਾਰਤ ਤੋਂ ਛਾਲ ਮਾਰ ਕੇ ਆਤਮਹਤਿਆ ਕਰ ਲਈ | ਭਾਸਕਰ ਨੇ ਆਤਮਹਤਿਆ ਕਰਨ ਤੋਂ ਪਹਿਲਾਂ ਕਥਿਤ ਤੌਰ 'ਤੇ ਅਪਣੀ ਧੀ (7) ਅਤੇ ਪੁੱਤਰ ਅੰਸ਼ੂ (3) ਦੀ ਹਥੌੜਾ ਮਾਰ ਕੇ ਹਤਿਆ ਕਰ ਦਿਤੀ ਸੀ | ਉਥੇ ਹੀ ਇਸ ਘਟਨਾ ਵਿਚ ਜ਼ਖ਼ਮੀ ਭਾਸਕਰ ਦੀ ਪਤਨੀ ਸੁਕ੍ਰਿਤੀ (28) ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ |
ਪੁਲਿਸ ਅਨੁਸਾਰ ਭਾਸਕਰ ਨਵਾਂ ਰਾਏਪੁਰ ਵਿਚ ਪੰਚਾਇਤ ਵਿਭਾਗ ਵਿਚ ਚਪੜਾਸੀ ਦੀ ਨੌਕਰੀ ਕਰਦਾ ਸੀ | ਘਟਨਾ ਸਥਾਨ ਤੋਂ ਭਾਸਕਰ ਦਾ ਲਿਖਿਆ ਖ਼ੁਦਕੁਸ਼ੀ ਰੁੱਕਾ ਵੀ ਮਿਲਿਆ ਹੈ, ਜਿਸ ਵਿਚ ਉਸ ਨੇ ਦਸਿਆ ਕਿ ਉਸ ਦੀ ਪਤਨੀ ਉਸ ਦੇ ਦਫ਼ਤਰ ਵਿਚ ਕੰਮ ਕਰਦੀ ਇਕ ਸਟੈਨੋ ਦੀ ਮੌਤ ਲਈ ਬਹਿਸ ਕਰਦੀ ਸੀ ਅਤੇ ਉਸ 'ਤੇ ਸ਼ੱਕ ਕਰਦੀ ਸੀ | ਪੁਲਿਸ ਨੇ ਦਸਿਆ ਕਿ ਕਰੀਬ ਇਕ ਮਹੀਨੇ ਪਹਿਲਾਂ ਸਟੈਨੋ ਸੰਤੋਸ਼ ਕੰਵਰ ਦੀ ਲਾਸ਼ ਪੁਲਿਸ ਨੇ ਰੇਲਵੇ ਸਟੇਸ਼ਨ ਕੋਲੋਂ ਬਰਾਮਦ ਕੀਤੀ ਸੀ | ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | (ਪੀਟੀਆਈ)