
125 ਅਣਪਛਾਤਿਆਂ ਵਿਰੁੱਧ ਪਰਚਾ ਕੀਤਾ ਗਿਆ ਦਰਜ
ਬਰਨਾਲਾ : ਬਰਨਾਲਾ ਦੇ ਪਿੰਡ ਕਲਾਲਾ ਵਿਖੇ ਮੰਗਲਵਾਰ ਨੂੰ ਪਰਾਲੀ ਦੀ ਅੱਗ ਬੁਝਾਉਣ ਗਏ ਫ਼ਾਇਰ ਬ੍ਰਿਗੇਡ ਤੇ ਅਧਿਕਾਰੀਆਂ ਨੂੰ ਘੇਰਨ ਦੇ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਕੀਤੀ ਹੈ। ਮਹਿਲ ਕਲਾਂ ਥਾਣੇ ਵਿੱਚ 125 ਅਛਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਫ਼ਾਇਰ ਬ੍ਰਿਗੇਡ ਗੱਡੀ ਦੇ ਡਰਾਈਵਰ ਰਜਿੰਦਰ ਸਿੰਘ ਦੇ ਬਿਆਨ ਦੇ ਆਧਾਰ ਤੇ 69 ਨੰਬਰ ਐਫ਼ਆਈਆਰ ਤਹਿਤ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੀ ਧਾਰਾ 353, 341 ਅਤੇ 188 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿੰਡ ਕਲਾਲਾ ਵਿੱਚ ਪਰਾਲੀ ਨੂੰ ਲਗਾਈ ਅੱਗ ਨੂੰ ਬੁਝਾਉਣ ਲਈ ਗਈ ਫ਼ਾਇਰ ਬ੍ਰਿਗੇਡ ਦੀ ਟੀਮ , ਨਾਇਬ ਤਹਿਸੀਲਦਾਰ, ਖੇਤੀਬਾੜੀ ਵਿਭਾਗ ਦੀ ਟੀਮ ਆਦਿ ਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆ ਵੱਲੋਂ ਬੰਦੀ ਬਣਾਇਆ ਗਿਆ। ਕਿਸਾਨਾਂ ਨੇ ਫ਼ਾਇਰ ਬ੍ਰਿਗੇਡ ਦੀ ਗੱਡੀ ਨੂੰ ਖ਼ੁਦ ਚਲਾ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਖੜ੍ਹਾ ਕਰ ਦਿੱਤਾ।
ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਬੰਦੀ ਬਣਾਈ ਗਈ ਟੀਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਉਕਤ ਕਿਸਾਨ ਜਥੇਬੰਦੀ ਅਤੇ ਪਿੰਡ ਵਾਸੀਆਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਮਿਲਣ 'ਤੇ ਟੀਮ ਨੂੰ ਛੱਡ ਦਿੱਤਾ ਸੀ। ਹੁਣ ਇਸ ਮਾਮਲੇ ਵਿਚ ਹੀ ਕਾਰਵਾਈ ਕਰਦਿਆਂ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।