
ਜੇਲ੍ਹ 'ਚ ਬੰਦ 800 ਕੈਦੀਆਂ ਦੇ ਖ਼ੂਨ ਦੀ ਕੀਤੀ ਗਈ ਸੀ ਜਾਂਚ
ਨਾਭਾ : ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਵਿੱਚ ਆ ਰਹੀਆਂ ਹਨ। ਜੇਕਰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਕੈਦੀਆਂ ਦੀ ਗੱਲ ਕੀਤੀ ਜਾਵੇ ਤਾਂ ਜੇਲ੍ਹ ਦੇ 800 ਕੈਦੀਆਂ ਦੇ ਬਲੱਡ ਟੈਸਟ ਕੀਤੇ ਗਏ ਜਿਨ੍ਹਾਂ ਵਿਚੋਂ 148 ਕੈਦੀ ਹੈਪੇਟਾਈਟਿਸ-C (ਕਾਲੇ ਪੀਲੀਏ) ਦੀ ਲਪੇਟ ਵਿੱਚ ਆ ਗਏ ਹਨ।
ਇਸ ਮੌਕੇ ਨਾਭਾ ਸਰਕਾਰੀ ਹਸਪਤਾਲ ਦੇ ਸਹਾਇਕ ਐੱਸ.ਐੱਮ.ਓ ਪ੍ਰਦੀਪ ਅਰੋਡ਼ਾ ਨੇ ਦੱਸਿਆ ਕਿ ਕੱਲ੍ਹ ਜੋ ਗਿਣਤੀ ਕੀਤੀ ਗਈ ਸੀ ਉਸ ਤਹਿਤ 300 ਕੈਦੀ ਪੀੜਤ ਦੱਸੇ ਗਏ ਸਨ ਪਰ ਦੁਬਾਰਾ ਸੋਧ ਕਰਨ ਤੇ ਇਹ ਗਿਣਤੀ ਹੁਣ 148 ਹੈ ਕਿਉਂਕਿ ਜੋ ਜੇਲ੍ਹ ਸੁਪਰਡੈਂਟ ਵੱਲੋਂ ਪੱਤਰ ਭੇਜਿਆ ਗਿਆ ਸੀ ਉਸ ਵਿੱਚ 300 ਕੈਦੀਆਂ ਦੀ ਗਿਣਤੀ ਦੱਸੀ ਗਈ ਸੀ। ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਇਹ ਗਿਣਤੀ ਗਲਤ ਪਾਈ ਗਈ ਹੈ ਅਤੇ ਹੁਣ ਪੁਸ਼ਟੀ ਹੋਈ ਕਿ ਹੈ ਕਿ 148 ਕੈਦੀ ਹੈਪੇਟਾਇਟਿਸ ਸੀ ਦੀ ਬੀਮਾਰੀ ਤੋਂ ਪੀਡ਼ਤ ਹਨ।
ਸਹਾਇਕ ਐੱਸ.ਐੱਮ.ਓ ਪ੍ਰਦੀਪ ਅਰੋੜਾ ਨੇ ਦੱਸਿਆ ਕਿ ਹੈਪਾਟਾਈਟਸ ਸੀ ਨਾਲ 148 ਕੈਦੀ ਪੀਡ਼ਤ ਪਾਏ ਗਏ ਹਨ ਇਸ ਦਾ ਮੁੱਖ ਕਾਰਨ ਸਰਿੰਜਾਂ ਹਨ ਜੋ ਕੈਦੀ ਆਪਸ ਵਿੱਚ ਵਰਤਦੇ ਹਨ। ਇਹੀ ਹੈਪਾਟਾਈਟਸ ਸੀ ਬਿਮਾਰੀ ਦਾ ਮੁੱਖ ਕਾਰਨ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਲਾਜ ਬਹੁਤ ਹੀ ਮਹਿੰਗਾ ਹੈ। ਅਸੀਂ ਇਸ ਸਬੰਧੀ ਜਾਗਰੂਕਤਾ ਕੈਂਪ ਵੀ ਲਗਾਵਾਂਗੇ ਤਾਂ ਜੋ ਇਸ ਬਿਮਾਰੀ ਦੀ ਰੋਕਥਾਮ ਹੋ ਸਕੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜੋ ਨਸ਼ੇ ਦੇ ਆਦੀ ਹਨ ਉਹ ਸਰਿੰਜਾਂ ਆਪਸ ਵਿੱਚ ਵਰਤਦੇ ਹਨ ਜਿਸ ਕਰਕੇ ਵੱਡੀ ਬਿਮਾਰੀ ਫੈਲਣ ਦੇ ਮੁੱਖ ਕਾਰਨ ਹਨ।