
ਗੰਨਾ ਪਿੰਡ 'ਚ ਹੋਏ ਕਤਲ ਦਾ ਮੁਲਜ਼ਮ ਗ੍ਰਿਫ਼ਤਾਰ
ਫ਼ਿਲੌਰ, 1 ਦਸੰਬਰ (ਸੁਰਜੀਤ ਸਿੰਘ ਬਰਨਾਲਾ) : ਬੀਤੇ ਦਿਨੀਂ ਨਜ਼ਦੀਕੀ ਪਿੰਡ ਗੰਨਾ ਪਿੰਡ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਖਾਲ ਵਿਚੋਂ ਮਿਲੀ ਸੀ। ਫ਼ਿਲੌਰ ਪੁਲਿਸ ਨੂੰ ਸ਼ੱਕ ਸੀ ਕਿ ਸ਼ਾਇਦ ਉਸ ਦੀ ਸ਼ਰਾਬ ਪੀਣ ਨਾਲ ਮੌਤ ਹੋਈ ਹੈ। ਪਰ ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦਾ ਕਤਲ ਕੀਤਾ ਗਿਆ ਸੀ। ਜਿਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਏਐਸਪੀ ਸੁਹੇਲ ਮੀਰ ਅਤੇ ਥਾਣਾ ਮੁਖੀ ਫ਼ਿਲੌਰ ਇੰਸਪੈਕਟਰ ਸੰਜੀਵ ਕਪੂਰ ਨੇ ਦਸਿਆ ਕਿ ਇਹ ਕਤਲ ਪ੍ਰੇਮ ਸਬੰਧ ਕਾਰਨ ਹੋਇਆ ਹੈ।
ਉਨ੍ਹਾਂ ਦਸਿਆ ਕਿ ਰਾਮ ਲਖਨ ਪੁੱਤਰ ਰਾਮ ਚਰਨ ਵਾਸੀ ਉੱਤਰ ਪ੍ਰਦੇਸ਼ ਨੇ ਬਿਆਨ ਦਿੰਦੇ ਹੋਏ ਦਸਿਆ ਕਿ ਪੱਪੂ ਪੁੱਤਰ ਰਾਮ ਸਰੂਪ ਵਾਸੀ ਯੂ ਪੀ ਹਾਲ ਵਾਸੀ ਇੰਦਰਾ ਕਲੋਨੀ ਫ਼ਿਲੌਰ ਜੋ ਅਪਣੀ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਉਸ ਦਾ ਅਨੀਸ ਕੁਮਾਰ ਪੁੱਤਰ ਜਾਲੀਮ ਵਾਸੀ ਗੰਨਾ ਪਿੰਡ ਦੇ ਘਰ ਆਉਣਾ ਜਾਣਾ ਹੋ ਗਿਆ। ਜਿਥੇ ਅਨੀਸ ਦੀ ਪਤਨੀ ਰੇਖਾ ਨਾਲ ਪ੍ਰੇਮ ਸਬੰਧ ਬਣ ਗਏ। ਬੀਤੀ 27 ਨਵੰਬਰ ਨੂੰ ਪੱਪੂ ਅਤੇ ਅਨੀਸ ਨੇ ਲੱਕੜ ਕੱਟਣ ਉਪਰੰਤ ਸ਼ਰਾਬ ਪੀਤੀ ਅਤੇ ਗੰਨਾ ਪਿੰਡ ਦੇ ਰਸਤੇ ਵਿਚ ਪੱਪੂ ਦੇ ਗਲੇ ਵਿਚ ਚੁੰਨੀ ਪਾ ਕੇ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿਤਾ। ਪੁਲਿਸ ਨੇ ਅਨੀਸ਼ ਨੂੰ ਕਾਬੂ ਕੀਤਾ ਤਾਂ ਉਸ ਨੇ ਮੰਨਿਆ ਕਿ ਉਸ ਨੂੰ ਪਹਿਲਾ ਹੀ ਪੱਪੂ ਅਤੇ ਉਸ ਦੀ ਪਤਨੀ ਰੇਖਾ 'ਤੇ ਸ਼ੱਕ ਸੀ। ਪੁਲਿਸ ਨੇ ਰਾਮ ਲਖਨ ਦੇ ਬਿਆਨਾਂ 'ਤੇ ਅਨੀਸ ਵਿਰੁਧ ਮੁਕੱਦਮਾ ਨੰਬਰ 348 ਧਾਰਾ 302 ਅਧੀਨ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
01ਫਿਲੌਰ08ਲੋਕਲ
ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਏ ਐੱਸ ਪੀ ਸੁਹੇਲ ਮੀਰ ਅਤੇ ਇੰਸਪੈਕਟਰ ਸੰਜੀਵ ਕਪੂਰ ਅਤੇ ਕਾਬੂ ਕੀਤਾ ਦੋਸ਼ੀ। ਤਸਵੀਰ: ਸੁਰਜੀਤ ਸਿੰਘ ਬਰਨਾਲਾ