
'ਆਪ' ਦੇ ਚਾਰ ਵਿਧਾਇਕਾਂ ਨੂੰ 'ਅਯੋਗ' ਕਰਾਰ ਦੇਣ ਦਾ ਮਾਮਲਾ
ਖਹਿਰਾ, ਬਲਦੇਵ, ਮਾਨਸ਼ਾਹੀਆ ਤੋਂ 31 ਦਸੰਬਰ ਤਕ ਜਵਾਬ ਮੰਗਿਆ
ਚੰਡੀਗੜ੍ਹ, 1 ਦਸੰਬਰ (ਜੀ.ਸੀ. ਭਾਰਦਵਾਜ) : ਪੌਣੇ 4 ਸਾਲ ਪਹਿਲਾਂ ਫ਼ਰਵਰੀ 2017 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ 20 ਵਿਧਾਇਕਾਂ ਵਾਲੀ ਮੁੱਖ ਵਿਰੋਧੀ ਧਿਰ 'ਆਪ' ਪਾਰਟੀ ਨੂੰ ਪਹਿਲਾਂ, ਵਿਰੋਧੀ ਧਿਰ ਦੇ ਨੇਤਾ ਨੂੰ ਉਪਰੋਂ ਥਲੀ ਬਦਲਣ ਨਾਲ ਜੂਝਣਾ ਪਿਆ, ਮਗਰੋਂ ਗੁੱਟਬਾਜ਼ੀ ਸ਼ੁਰੂ ਹੋ ਗਈ ਫਿਰ ਕਾਂਗਰਸ ਵਿਚ ਰਲੇਵਾਂ ਹੋਣ ਦਾ ਮੁੱਦਾ ਉਭਰਿਆ ਅਤੇ 2 ਸਾਲ ਤੋਂ ਚਾਰ ਵਿਧਾਇਕਾਂ ਸੁਖਪਾਲ ਖਹਿਰਾ, ਬਲਦੇਵ ਜੈਤੋ, ਨਾਜਰ ਸਿੰਘ ਮਾਨਸ਼ਾਹੀਆ ਅਤੇ ਅਮਰਜੀਤ ਸੰਦੋਆ ਦੇ ਸਿਰਾਂ ਤੇ ਅਯੋਗ ਕਰਾਰ ਦੇਣ ਦੀ ਤਲਵਾਰ ਅਜੇ ਲਟਕੀ ਹੋਈ ਹੈ। ਇਨ੍ਹਾਂ 4 ਮਹਾਂਰਥੀ ਵਿਧਾਇਕਾਂ ਨੂੰ ਹੁਣ ਫਿਰ ਚੌਥੀ ਵਾਰ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਚਿੱਠੀ ਲਿਖ ਕੇ 31 ਦਸੰਬਰ ਤਕ ਜਵਾਬ ਮੰਗਿਆ ਹੈ। ਇਸ ਤੋਂ ਪਹਿਲਾਂ ਅਪਣਾ ਪੱਖ ਪੇਸ਼ ਕਰਨ ਲਈ ਲਿਖਤੀ ਜਵਾਬ ਜਾਂ ਖ਼ੁਦ ਸਪੀਕਰ ਸਾਹਮਣੇ ਆ ਕੇ ਬਿਆਨ ਦੇਣ ਲਈ ਸਤੰਬਰ 30 ਜੁਲਾਈ, 31 ਅਤੇ 31 ਅਕਤੂਬਰ 2019 ਤਰੀਕ ਤੈਅ ਕੀਤੀ ਗਈ ਸੀ। ਇਨ੍ਹਾਂ ਪਿਛਲੇ 2 ਸਾਲਾਂ ਵਿਚ ਇਨ੍ਹਾਂ 4 ਵਿਧਾਇਕਾਂ ਨੇ 2 ਕਰੋੜ ਤੋਂ ਵੱਧ ਦੀ ਤਨਖ਼ਾਹ, ਭੱਤੇ, ਟੀ.ਏ. ਅਤੇ ਡੀ.ਏ. ਅਤੇ ਹੋਰ ਸਹੂਲਤਾਂ ਦਾ ਅਨੰਦ ਮਾਣਿਆ ਹੈ ਜਦੋਂ ਕਿ ਇਨ੍ਹਾਂ ਵਿਚੋਂ ਇਕ ਜੋ ਪਹਿਲਾਂ ਕਾਂਗਰਸ ਵਿਚ ਵੀ ਰਹਿ ਚੁੱਕਾ ਹੈ, ਆਮ ਲੋਕਾਂ ਅਤੇ ਵਿਸ਼ੇਸ਼ ਕਰ ਕੇ ਦੂਜੀਆਂ ਪਾਰਟੀਆਂ ਦੇ ਨੇਤਾਵਾਂ, ਵਿਧਾਇਕਾਂ, ਮੰਤਰੀਆਂ ਤੇ ਮੁੱਖ ਮੰਤਰੀਆਂ ਨੂੰ ਹਮੇਸ਼ਾ ਨੈਤਿਕਤਾ ਤੇ ਇਮਾਨਦਾਰੀ ਦਾ ਪਾਠ ਪੜ੍ਹਾਉਂਦਾ ਹੋਇਆ ਹਰ ਇਕ ਦੀ ਆਲੋਚਨਾ ਕਰਦਾ ਰਹਿੰਦਾ ਹੈ।
ਅੱਜ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦੇ ਹੋਏ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦਸਿਆ ਕਿ 31 ਦਸੰਬਰ ਤਕ ਆਪੋ ਅਪਣਾ ਜਵਾਬ ਦੇਣ ਦਾ ਭਾਵੇਂ ਇਹ ਆਖ਼ਰੀ ਮੌਕਾ ਦਿਤਾ ਹੈ ਪਰ ਕੋਰੋਨਾ ਵਾਇਰਸ ਦੇ ਚਲਦਿਆਂ ਸੰਕਟ ਦੀ ਘੜੀ ਵਿਚ ਇਹ ਵੀ ਹੋ ਸਕਦਾ ਹੈ ਕਿ ਇਸ ਮਾਮਲੇ ਵਿਚ ਥੋੜ੍ਹੀ ਨਰਮੀ ਵਰਤੀ ਜਾਵੇ। ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜਦੋਂ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਧਿਰ ਦੇ ਨੇਤਾ ਵਜੋਂ ਹਟਾ ਕੇ ਹਰਪਾਲ ਚੀਮਾ ਨੂੰ ਅਹੁਦੇ 'ਤੇ ਨਿਯੁਕਤ ਕੀਤਾ ਤਾਂ ਸ. ਖਹਿਰਾ ਨੇ ਜਨਵਰੀ 2019 ਵਿਚ ਪੰਜਾਬ ਏਕਤਾ ਪਾਰਟੀ ਬਣਾਈ, ਇਸ ਨਵੀਂ ਪਾਰਟੀ ਦੇ ਚੋਣ ਨਿਸ਼ਾਨ 'ਤੇ ਮਈ 2019 ਵਿਚ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜੀ, ਬੁਰੀ ਤਰ੍ਹਾਂ ਹਾਰ ਗਏ। ਸ. ਹਰਪਾਲ ਚੀਮਾ ਦੀ ਸਪੀਕਰ ਪਾਸ ਪਾਈ ਪਟੀਸ਼ਨ 'ਤੇ ਰਾਣਾ ਕੇ.ਪੀ. ਸਿੰਘ ਨੇ ਨੋਟਿਸ ਭੇਜ ਕੇ ਖਹਿਰਾ ਵਿਰੁਧ ਅਯੋਗਤਾ ਦਾ ਮਾਮਲਾ ਦਰ ਕੀਤਾ ਹੋਇਆ ਹੈ ਕਿਉਂਕਿ ਨਿਯਮਾਂ ਮੁਤਾਬਕ ਇਕ ਪਾਰਟੀ ਦੇ ਚੋਣ ਨਿਸ਼ਾਨ 'ਤੇ ਜਿੱਤੇ ਹੋਏ ਵਿਧਾਇਕ ਕਿਸੇ ਹੋਰ ਪਾਰਟੀ ਦੇ ਚੋਣ ਨਿਸ਼ਾਨ 'ਤੇ ਹੋਰ ਚੋਣ ਵਿਚ ਉਮੀਦਵਾਰ ਬਣ ਕੇ ਨਹੀਂ ਲੜ ਸਕਦੇ।
ਇਸੇ ਤਰ੍ਹਾਂ ਜੈਤੋ ਹਲਕੇ ਤੋਂ ਆਪ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਵੀ ਖਹਿਰਾ ਵਾਂਗ ਫ਼ਰੀਦਕੋਟ ਲੋਕ ਸਭਾ ਸੀਟ ਤੋਂ ਮਈ 2019 ਵਿਚ ਚੋਣ ਲੜੀ ਉਹ ਵੀ ਹਾਰ ਗਏ, ਉਨ੍ਹਾਂ ਵਿਰੁਧ ਵੀ ਮੈਂਬਰਸ਼ਿਪ ਅਯੋਗਤਾ ਦਾ ਕੇਸ ਚਲ ਰਿਹਾ ਹੈ। ਮਾਨਸਾ ਹਲਕੇ ਤੋਂ ਆਪ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਰੋਪੜ ਤੋਂ ਆਪ ਵਿਧਾਇਕ ਅਮਰਜੀਤ ਸੰਦੋਆ ਅਪ੍ਰੈਲ 2019 ਵਿਚ ਇਕ ਇਕ ਕਰ ਕੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਸੱਤਾਧਾਰੀ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ ਅਤੇ ਪੌਣੇ 2 ਸਾਲ ਤੋਂ ਸਾਰੇ ਵਿਧਾਨ ਸਭਾ ਸੈਸ਼ਨਾਂ ਵਿਚ ਬਤੌਰ 'ਆਪ' ਮੈਂਬਰ ਹਿੱਸਾ ਲੈਂਦੇ ਰਹੇ ਹਨ। ਕੁਲ ਮਿਲਾ ਕੇ ਇਹ ਚਾਰੋਂ ਦੋਸ਼ੀ ਵਿਧਾਇਕ ਬਤੌਰ ਆਪ ਮੈਂਬਰ ਆਪੋ ਅਪਣੇ ਹਲਕਿਆਂ ਵਿਚ ਘੁੰਮਦੇ ਹਨ, ਵਿਧਾਨ ਸਭਾ ਕਮੇਟੀਆਂ ਦੀਆਂ ਬੈਠਕਾਂ ਵਿਚ ਹਾਜ਼ਰੀ ਲਾਉਂਦੇ ਹਨ, ਐਮ.ਐਲ.ਏ. ਫਲੈਟ ਦੀਆਂ ਸਹੂਲਤਾਂ ਲੈਂਦੇ ਹਨ ਜਦੋਂ ਕਿ ਇਨ੍ਹਾਂ ਵਿਰੁਧ ਅਯੋਗਤਾ ਦਾ ਕੇਸ ਚਲ ਰਿਹਾ ਹੈ। ਵਿਧਾਨ ਸਭਾ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਅਮਰਜੀਤ ਸੰਦੋਆ ਨੇ ਅਪਣੇ 15 ਸਤੰਬਰ ਦੇ ਇਕ ਸਫ਼ੇ ਦੇ ਜਵਾਬ ਵਿਚ ਸਪੀਕਰ ਨੂੰ ਲਿਖਿਆ ਕਿ 'ਮੈਂ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਗਿਆ ਜ਼ਰੂਰ ਸੀ, ਮੇਰੇ ਗਲੇ ਵਿਚ ਪਾਇਆ ਕਾਂਗਰਸ ਦਾ ਮਫਲਰ ਮੈਨੂੰ ਸਨਮਾਨਤ ਕਰਨ ਲਈ ਸੀ ਨਾ ਕਿ ਸੱਤਾਧਾਰੀ ਪਾਰਟੀ ਵਿਚ ਰਲਾਉਣ ਲਈ ਪਾਇਆ ਸੀ।''image