
ਬਾਰਡਰ 'ਤੇ ਤਾਇਨਾਤ ਜਵਾਨਾਂ 'ਤੇ ਕੀ ਬੀਤਦੀ ਹੋਵੇਗੀ, ਜਦੋਂ ਉਨ੍ਹਾਂ ਦੇ ਮਾਂ-ਬਾਪ ਨੂੰ ਅੱਤਵਾਦੀ ਕਿਹਾ ਜਾਂਦਾ ਹੈ?- ਕੇਜਰੀਵਾਲ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਦਿੱਲੀ ਸਰਕਾਰ ਉਪਰ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦੇ ਦੋਸ਼ਾਂ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇੰਨੇ ਨਾਜ਼ੁਕ ਮੌਕੇ ਉਪਰ ਕੈਪਟਨ ਅਮਰਿੰਦਰ ਸਿੰਘ ਘਟੀਆ ਅਤੇ ਹੋਸ਼ੀ ਰਾਜਨੀਤੀ 'ਤੇ ਉਤਰ ਆਏ ਹਨ। ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਤੌਰ ਮੁੱਖ ਮੰਤਰੀ ਸਭ ਕੁਝ ਜਾਣਦੇ-ਸਮਝਦੇ ਹੋਏ ਵੀ ਅਮਰਿੰਦਰ ਸਿੰਘ ਦਿੱਲੀ ਸਰਕਾਰ ਉਤੇ ਝੂਠੇ ਦੋਸ਼ ਲਗਾ ਰਹੇ ਹਨ।
Arvind Kejriwal
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ, ''ਅਮਰਿੰਦਰ ਸਿੰਘ ਵੱਲੋਂ ਮੇਰੇ ਉਤੇ ਲਗਾਏ ਦੋਸ਼ ਬਿਲਕੁਲ ਝੂਠੇ ਹਨ ਕਿ ਦਿੱਲੀ ਵਿਚ ਕਾਨੂੰਨ ਪਾਸ ਕਰ ਦਿੱਤੇ ਹਨ। ਇਹ ਸਹੀ ਨਹੀਂ ਹੈ ਕਿਉਂਕਿ ਕੈਪਟਨ ਸਾਹਿਬ ਸਭ ਕੁਝ ਜਾਣਦੇ ਹਨ ਕਿ ਜਦੋਂ ਕੇਂਦਰ ਸਰਕਾਰ ਨੇ ਇਹ ਕਾਨੂੰਨ ਲਾਗੂ ਕਰ ਦਿੱਤੇ ਤਾਂ ਸੂਬਾ ਸਰਕਾਰਾਂ ਦੇ ਹੱਥ ਵਿਚ ਕੁਝ ਨਹੀਂ ਹੈ। ਅਜਿਹੇ ਮੌਕੇ ਕੈਪਟਨ ਨੂੰ ਸੌੜੀ ਸਿਆਸਤ ਨਹੀਂ ਕਰਨੀ ਚਾਹੀਦੀ।''
Captain Amarinder Singh
ਕੇਜਰੀਵਾਲ ਨੇ ਸਪੱਸ਼ਟ ਕੀਤਾ ਕਿ ਜਿਸ ਦਿਨ ਰਾਸ਼ਟਰਪਤੀ ਨੇ ਇਨ੍ਹਾਂ ਕਾਨੂੰਨਾਂ ਉਤੇ ਦਸਤਖਤ ਕਰ ਦਿੱਤੇ ਸਨ ਉਸੇ ਦਿਨ ਹੀ ਸਾਰੇ ਦੇਸ਼ ਵਿਚ ਕਾਨੂੰਨ ਲਾਗੂ ਹੋ ਗਏ ਸਨ, ਕਿਸੇ ਸੂਬੇ ਦੇ ਹੱਥ ਵਿਚ ਨਹੀਂ ਹੈ ਕਿ ਉਹ ਕਾਨੂੰਨ ਲਾਗੂ ਕਰੇ ਜਾਂ ਨਾ ਕਰੇ। ਉਨ੍ਹਾਂ ਕਿਹਾ ਕਿ ਅੰਦੋਲਨਕਾਰੀ ਕਿਸਾਨ ਦਿੱਲੀ ਤੱਕ ਆ ਕੇ ਕੇਂਦਰ ਸਰਕਾਰ ਤੋਂ ਇਹ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ।
Farmers
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸੂਬੇ ਦੇ ਹੱਥ ਵਿਚ ਹੁੰਦਾ ਤਾਂ ਕਿਸਾਨ ਆਪਣੇ-ਆਪਣੇ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਇਹ ਕਾਨੂੰਨ ਰੋਕਣ ਦੀ ਮੰਗ ਕਰਦੇ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਵੱਲੋਂ ਜੋ ਲੜਾਈ ਲੜੀ ਜਾ ਰਹੀ ਹੈ ਉਹ ਸਿਰਫ਼ ਕਿਸਾਨਾਂ ਦੀ ਲੜਾਈ ਨਹੀਂ ਹੈ, ਇਹ ਸਾਡੇ ਸਭ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਜੋ ਦੋ ਵਕਤ ਦੀ ਰੋਟੀ ਖਾਂਦੇ ਹਾਂ ਉਹ ਕਿਸਾਨਾਂ ਦੇ ਖੂਨਪਸੀਨੇ ਤੇ ਮਿਹਨਤ ਨਾਲ ਪੈਦਾ ਕੀਤੇ ਅੰਨ ਦੀ ਰੋਟੀ ਹੁੰਦੀ ਹੈ ਤੇ ਸਾਨੂੰ ਇਨ੍ਹਾਂ ਕਿਸਾਨਾਂ ਦਾ ਸਭ ਨੂੰ ਸਾਥ ਦੇਣਾ ਚਾਹੀਦਾ ਹੈ।
Narendra Modi
ਉਨ੍ਹਾਂ ਕਿਹਾ, ''ਮੋਦੀ ਸਰਕਾਰ ਨੇ ਦਿੱਲੀ ਦੇ ਸਟੇਡੀਅਮਾਂ ਨੂੰ ਜੇਲ੍ਹਾਂ ਵਿਚ ਤਬਦੀਲ ਕਰਨ ਦੇ ਲਈ ਮੇਰੇ ਉਤੇ ਕਈ ਤਰ੍ਹਾਂ ਦਾ ਦਬਾਅ ਪਾਇਆ, ਪ੍ਰੰਤੂ ਮੈਂ ਕਿਸਾਨਾਂ ਦੇ ਹੱਕ ਵਿਚ ਡਟਦੇ ਹੋਏ ਇਹ ਆਗਿਆ ਨਾ ਦਿੱਤੀ। ਇਸ ਤੋਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਮੇਰੇ ਉਤੇ ਖਫਾ ਹੈ।''
Captian Amrinder singh
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁਖਾਤਿਬ ਹੁੰਦਿਆ ਕਿਹਾ, ''ਕੈਪਟਨ ਸਾਹਿਬ ਕਿਸ ਦੇ ਦਬਾਅ ਵਿਚ ਆ ਕੇ ਮੇਰੇ ਉਤੇ ਝੂਠੇ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਤਾ ਹੈ ਕਿ ਕੈਪਟਨ ਦੇ ਪਰਿਵਾਰ ਨੂੰ ਈਡੀ ਵਲੋਂ ਵੀ ਬੁਲਾਇਆ ਗਿਆ ਸੀ, ਕਿਤੇ ਤੁਸੀਂ ਇਹ ਦਬਾਅ ਵਿਚ ਆ ਕੇ ਦੋਸ਼ ਤਾਂ ਨਹੀਂ ਲਗਾ ਰਹੇ ਜਾਂ ਫਿਰ ਭਾਜਪਾ ਨਾਲ ਦੋਸਤੀ ਨਿਭਾਅ ਰਹੇ ਹੋ।''
Arvind Kejriwal
ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਉਤੇ ਪਲਟਵਾਰ ਕਰਦਿਆਂ ਕਿਹਾ ਕਿ ਕੈਪਟਨ ਕੋਲ ਇਸ ਕਾਨੂੰਨ ਨੂੰ ਰੋਕਣ ਲਈ ਕਈ ਮੌਕੇ ਸਨ, ਪ੍ਰੰਤੂ ਕੈਪਟਨ ਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਲਈ ਕੇਂਦਰ ਵੱਲੋਂ ਬਣਾਈ ਗਈ ਹਾਈਪਾਵਰ ਕਮੇਟੀ ਵਿਚ ਕੈਪਟਨ ਅਮਰਿੰਦਰ ਮੈਂਬਰ ਸਨ ਉਸ ਸਮੇਂ ਇਹ ਲੋਕਾਂ ਵਿਚ ਆ ਕੇ ਲੋਕਾਂ ਨੂੰ ਇਹ ਕਿਉਂ ਨਹੀਂ ਦੱਸਿਆ ਕਿ ਇਹ ਕਾਲੇ ਕਾਨੂੰਨ ਆ ਰਹੇ ਹਨ।
Farmer
ਉਨ੍ਹਾਂ ਕਿਹਾ ਕਿ ਅੱਜ ਦਿੱਲੀ ਦੀ ਹੱਦ ਉਤੇ ਕਿਸਾਨ ਆਪਣੇ ਹੱਕਾਂ ਲਈ ਲੜ ਰਹੇ ਹਨ ਅਤੇ ਉਨ੍ਹਾਂ ਦੇ ਪੁੱਤਰ ਨੌਜਵਾਨ ਦੇਸ਼ ਦੀ ਸਰਹੱਦ ਉਤੇ ਦੇਸ਼ ਦੀ ਸੁਰੱਖਿਆ ਕਰਦੇ ਸ਼ਹੀਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਹੱਕਾਂ ਲਈ ਸੰਘਰਸ਼ ਕਿਸਾਨਾਂ ਨੂੰ ਦੇਸ਼ ਧਿਰੋਹੀ ਕਿਹਾ ਜਾਂਦਾ ਹੈ ਤਾਂ ਫਿਰ ਦੇਸ਼ ਦੀ ਸਰਹੱਦ ਉਤੇ ਖੜ੍ਹੇ ਨੌਜਵਾਨਾਂ ਉਤੇ ਕੀ ਬੀਤਦੀ ਹੋਵੇਗੀ ?
ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤੀ ਤੋਂ ਉਤੇ ਉਠਕੇ ਸੇਵਾਦਾਰ ਵਜੋਂ ਅੰਨਦਾਤਾ ਦੀ ਸੇਵਾ ਕਰਨ। ਕੇਜਰੀਵਾਲ ਨੇ ਕਿਸਾਨੀ ਸੰਘਰਸ ਦੇ ਮੱਦੇਨਜ਼ਰ ਕਿਹਾ ਕਿ ਉਹ (ਆਪ ਅਤੇ ਦਿੱਲੀ ਸਰਕਾਰ) ਨਾ ਕਿਸੇ ਤਰ੍ਹਾਂ ਦੀ ਰਾਜਨੀਤੀ ਕਰ ਰਹੀ ਹੈ ਅਤੇ ਨਾ ਹੀ ਕਿਸਾਨਾਂ ਦੇ ਨਾਂ 'ਤੇ ਕਿਸੇ ਨੂੰ ਸਿਆਸਤ ਕਰਨ ਦੇਣਗੇ। ਕੇਜਰੀਵਾਲ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਛੇਤੀ ਪੂਰਾ ਕੀਤਾ ਜਾਵੇ।