
BSF ਵੱਲੋਂ ਮਨਾਏ ਜਾ ਰਹੇ 57ਵੇਂ ਸਥਾਪਨਾ ਦਿਵਸ ਮੌਕੇ ਬਣੇਗਾ ਖਿੱਚ ਦਾ ਕੇਂਦਰ
ਬੀ.ਐਸ.ਐਫ. ਜਵਾਨਾਂ ਵਲੋਂ ਕੀਤੀ ਗਈ ਫਾਈਨਲ ਰਿਹਰਸਲ
'ਗਿਨੀਜ਼ ਬੁੱਕ ਆਫ਼ ਰਿਕਾਰਡ' 'ਚ ਨਾਮ ਦਰਜ ਕਰਵਾ ਚੁੱਕੇ ਕੈਮਲ ਕਟਿੰਜੈਂਟ ਬੈਂਡ ਨੇ ਵੀ ਲਿਆ ਹਿੱਸਾ
ਅੰਮ੍ਰਿਤਸਰ : ਬੀ.ਐਸ.ਐਫ. ਵਲੋਂ 57ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਬੀ.ਐਸ.ਐਫ. ਜਵਾਨਾਂ ਵਲੋਂ ਫਾਈਨਲ ਰਿਹਰਸਲ ਕੀਤੀ ਗਈ। ਇਸ ਵਿਚ ਵੱਖ-ਵੱਖ ਫੌਜੀ ਬੈਂਡਾਂ ਨੇ ਸ਼ਮੂਲੀਅਤ ਕੀਤੀ। ਵੱਡੀ ਗੱਲ ਇਹ ਹੈ ਕਿ ਇਸ ਵਿਚ ਸ਼ਾਮਲ ਕੈਮਲ ਕਟਿੰਜੈਂਟ ਬੈਂਡ ਗਿਨੀਜ਼ ਬੁੱਕ ਆਫ਼ ਰਿਕਾਰਡ ਵਿਚ ਆਪਣਾ ਨਾਮ ਦਰਜ ਕਰਵਾ ਚੁੱਕਾ ਹੈ।
ਇਸ ਬੈਂਡ ਪਾਰਟੀ ਨੇ ਆਪਣੀਆਂ ਮਧੁਰ ਧੁਨਾਂ ਨਾਲ ਸਮਾਗਮ 'ਚ ਸ਼ਾਮਲ ਮੁੱਖ ਮਹਿਮਾਨਾਂ ਅਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੌਮੀ ਪੱਧਰ 'ਤੇ ਮਨਾਏ ਜਾ ਰਹੇ ਇਸ 57ਵੇਂ ਸਥਾਪਨਾ ਦਿਵਸ ਮੌਕੇ ਰੰਗਾਰੰਗ ਪ੍ਰੋਗਰਾਮ, ਵਿਸ਼ੇਸ਼ ਡਰਿੱਲ ਅਤੇ ਕਈ ਹੈਰਤਅੰਗੇਜ਼ ਕਾਰਨਾਮੇ ਦਿਖਾਏ ਜਾਣਗੇ। ਦੱਸਣਯੋਗ ਹੈ ਕਿ ਕੈਮਲ ਕਟਿੰਜੈਂਟ ਬੈਂਡ ਪਾਰਟੀ ਰਾਜਸਥਾਨ ਦੇ ਬੀ.ਐਸ.ਐਫ. ਫਰੰਟੀਅਰ ਹੈਡਕੁਆਰਟਰ ਦੇ ਅਹਦਿਕਾਰਤ ਖੇਰਤ 'ਚ ਆਉਂਦੇ ਹੈੱਡ ਕੁਆਰਟਰ ਨਾਲ ਸਬੰਧਤ ਹੈ ਅਤੇ ਇਹ ਬੈਂਡ ਹੋਰਨਾਂ ਪਾਰਟੀਆਂ ਨਾਲ ਵਿਸ਼ੇਸ਼ ਡਰਿੱਲ ਦਾ ਹਿੱਸਾ ਬਣਨ ਲਈ ਕਈ ਦਿਨਾਂ ਤੋਂ ਮੁਸ਼ੱਕਤ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ ਰਾਜਸਥਾਨ ਤੋਂ ਵਿਸ਼ੇਸ਼ ਤੌਰ 'ਤੇ ਇਸ ਕੌਮੀ ਪੱਧਰ ਦੇ ਸਮਾਗਮ 'ਚ ਸ਼ਮੂਲੀਅਤ ਲਈ ਪਹੁੰਚੀ ਕੈਮਲ ਕਟਿੰਜੈਂਟ ਬੈਂਡ ਪਾਰਟੀ ਦੀ ਤੂਤੀ ਆਲਮੀ ਪੱਧਰ 'ਤੇ ਬੋਲਦੀ ਹੈ। ਇਸ ਵਿਚ ਸ਼ਾਮਲ ਅਧਿਕਾਰੀਆਂ, ਕਰਮਚਾਰੀਆਂ ਅਤੇ ਸਮਝਦਾਰ ਪਰ ਬੇਜ਼ੁਬਾਨ ਊਠਾਂ ਵਲੋਂ ਆਲਮੀ ਪੱਧਰ 'ਤੇ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ। ਇਨ੍ਹਾਂ ਕਾਰਨ ਹੀ ਇਸ ਬੈਂਡ ਨੇ 'ਗਿਨੀਜ਼ ਬੁੱਕ ਆਫ਼ ਰਿਕਾਰਡ' ਵਿਚ ਵੀ ਆਪਣਾ ਨਾਮ ਦਰਜ ਕਰਵਾਇਆ ਹੋਇਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਰਸੋਂ ਯਾਨੀ 4 ਦਸੰਬਰ ਨੂੰ ਹੋਣ ਵਾਲੇ 57ਵੇਂ ਸਥਾਪਨਾ ਦਿਵਸ ਮੌਕੇ ਰਵਾਇਤੀ ਪਹਿਰਾਵੇਆਂ 'ਚ ਸਜੇ ਕਰਮਚਾਰੀਆਂ, ਅਧਿਕਾਰੀਆਂ ਅਤੇ ਇਨ੍ਹਾਂ ਮਾਰੂਥਲ ਦੇ ਜਹਾਜ਼ਾਂ ਦੀ ਝਲਕ ਨਿਵੇਕਲੀ ਹੋਵੇਗੀ ਅਤੇ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੇਗੀ।