
ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ
ਅੰਮ੍ਰਿਤਸਰ - ਅੰਮ੍ਰਿਤਸਰ ਲਾਅ ਐਂਡ ਆਰਡਰ ਦੇ ਇੰਚਾਰਜ ਅਤੇ ਕਾਰਜਕਾਰੀ ਮੈਜਿਸਟਰੇਟ DCP ਪਰਮਿੰਦਰ ਸਿੰਘ ਭੰਡਾਲ ਵੱਲੋਂ ਅੰਮ੍ਰਿਤਸਰ ਦੇ ਹੋਟਲ ਅਤੇ ਧਰਮਸ਼ਾਲਾ ਨੂੰ ਇਹ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਹੋਟਲਾਂ ਵਿਚ ਆਉਣ ਵਾਲੇ ਮਹਿਮਾਨਾਂ ਦੇ ਸਰਕਾਰੀ ਸਨਾਖ਼ਤੀ ਕਾਰਡ ਲਏ ਬਿਨ੍ਹਾਂ ਉਹਨਾਂ ਨੂੰ ਕਮਰੇ ਨਹੀਂ ਦੇਣਗੇ। ਜੇਕਰ ਉਨ੍ਹਾਂ ਵੱਲੋਂ ਅਜਿਹਾ ਕੀਤਾ ਗਿਆ ਤਾਂ ਉਹਨਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤਾਂ ਪੁੱਜੀਆਂ ਹਨ ਕਿ ਕਈ ਹੋਟਲ ਅਤੇ ਧਰਮਸ਼ਾਲਾ ਵਾਲੇ ਮਹਿਮਾਨਾਂ ਕੋਲੋਂ ਬਿਨ੍ਹਾਂ ਸ਼ਨਾਖਤੀ ਕਾਰਡ ਲਏ ਕਮਰੇ ਦੇ ਦਿੰਦੇ ਹਨ, ਜੋ ਕਿ ਇੱਕ ਅਪਰਾਧ ਹੈ।
ਉਹਨਾਂ ਕਿਹਾ ਕਿ ਅਜਿਹੇ ਕੁੱਝ ਵਿਅਕਤੀ ਸ਼ਹਿਰ ਦੇ ਅੰਦਰ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਕੇ ਬਹੁਤ ਆਸਾਨੀ ਨਾਲ ਸ਼ਹਿਰ ਤੋਂ ਚਲੇ ਜਾਂਦੇ ਹਨ, ਜਿਨ੍ਹਾਂ ਨੂੰ ਟ੍ਰੇਸ ਕਰਨਾ ਪੁਲਿਸ ਲਈ ਕਠਿਨ ਹੋ ਜਾਂਦਾ ਹੈ। ਜਿਸ ਕਰਕੇ ਹਰੇਕ ਹੋਟਲ ਅਤੇ ਧਰਮਸ਼ਾਲਾ ਆਦਿ ਵਾਲਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਆਪਣੇ ਮਹਿਮਾਨ ਕੋਲੋਂ ਬਿਨ੍ਹਾਂ ਸਰਕਾਰੀ ਮਨਜੂਰ ਸ਼ੁਦਾ ਸ਼ਨਾਖਤੀ ਕਾਰਡ ਲਈ ਕਮਰਾ ਨਹੀਂ ਦੇਣਗੇ ਅਤੇ ਉਨ੍ਹਾਂ ਨੂੰ ਇਹ ਸ਼ਨਾਖਤੀ ਕਾਰਡ ਆਪਣੇ ਹੋਟਲ ਰਜਿਸਟਰ ਵਿਚ ਦਰਜ ਕਰਨਾ ਲਾਜ਼ਮੀ ਹੋਵੇਗਾ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਹੁਕਮ 5 ਮਾਰਚ ਤੱਕ ਲਾਗੂ ਰਹਿਣਗੇ।