
ਕਿਹਾ, ਉਨ੍ਹਾਂ ਨੇ ਜੋ ਮੈਨੂੰ ਪੜ੍ਹਾਇਆ, ਉਹ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਿਆ
ਦੇਸ਼ ਦੇ 14ਵੇਂ ਪ੍ਰਧਾਨ ਮੰਤਰੀ ਤੇ ਲਗਾਤਾਰ ਦੋ ਕਾਰਜਕਾਲ ਪੂਰੇ ਕਰਨ ਵਾਲੇ ਡਾ. ਮਨਮੋਹਨ ਸਿੰਘ ਦਾ ਦਿਨ ਵੀਰਵਾਰ 26 ਦਸੰਬਰ ਨੂੰ ਦਿਹਾਂਤ ਹੋ ਗਿਆ ਸੀ। ਅਚਾਨਕ ਤਬੀਅਤ ਵਿਗੜਨ ਤੋਂ ਬਾਅਦ ਦਿੱਲੀ ਏਮਜ਼ ਦੇ ਡਾਕਟਰਾਂ ਨੇ ਡਾ. ਮਨਮੋਹਨ ਸਿੰਘ ਨੂੰ ਮ੍ਰਿਤਕ ਐਲਾਨ ਦਿਤਾ ਸੀ ਜਿਨ੍ਹਾਂ ਦੀ ਉਮਰ 92 ਸਾਲ ਸੀ।
ਜਿਨ੍ਹਾਂ ਬਾਰੇ ਗੱਲਬਾਤ ਕਰਦੇ ਹੋਏ ਰੋਜ਼ਾਨਾ ਸਪੋਸਕਮੈਨ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਜਗਜੀਤ ਕੌਰ ਨੇ ਕਿਹਾ ਕਿ 1966 ਵਿਚ ਮੈਂ ਬੀ.ਏ. ਕਰਨ ਤੋਂ ਬਾਅਦ ਮਾਸਟਰਜ਼ ਕੀਤੀ, ਜਿਸ ਦੌਰਾਨ ਮੈਂ ਡਾ. ਮਨਮੋਹਨ ਸਿੰਘ ਕੋਲ ਡੇਢ ਸਾਲ ਪੜ੍ਹੀ। ਉਨ੍ਹਾਂ ਕਿਹਾ ਕਿ ਡਾ. ਸਾਹਿਬ ਇੰਨਾ ਸੋਹਣਾ ਪੜ੍ਹਾਉਂਦੇ ਸੀ ਤੇ ਆਰਾਮ ਨਾਲ ਬੋਲਦੇ ਸੀ ਜੋ ਸਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਵਲੋਂ ਪੜ੍ਹਾਇਆ ਅਸੀਂ ਕਦੇ ਭੁੱਲੇ ਨਹੀਂ ਸੀ।
ਡਾ. ਮਨਮੋਹਨ ਸਿੰਘ ਦੋਸਤੀ ਵੀ ਚੰਗੀ ਤਰ੍ਹਾਂ ਨਿਭਾਉਂਦੇ ਸੀ ਤੇ ਕਿਸੇ ਨੂੰ ਭੁੱਲਦੇ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਡਾ. ਸਿੰਘ ਨੂੰ 40 ਸਾਲਾਂ ਬਾਅਦ ਦਿੱਲੀ ਮਿਲੀ ਜਿੱਥੇ ਉਨ੍ਹਾਂ ਨੇ ਮੈਨੂੰ ਪਹਿਚਾਣ ਲਿਆ। ਉਨ੍ਹਾਂ ਕਿਹਾ ਕਿ ਡਾ. ਸਿੰਘ ਵੱਲੋਂ ਪੜ੍ਹਾਇਆ ਹੋਇਆ ਮੈਨੂੰ ਅੱਜ ਵੀ ਯਾਦ ਹੈ, ਉਨ੍ਹਾਂ ਵਲੋਂ ਪੜ੍ਹਾਏ ਹੋਏ ਨੇ ਮੇਰੇ ਉਤੇ ਇੰਨਾ ਅਸਰ ਕੀਤਾ ਤੇ ਮੇਰੀ ਜ਼ਿੰਦਗੀ ਦਾ ਇਕ ਹਿੱਸਾ ਬਣ ਗਿਆ, ਜੋ ਮੇਰੀ ਜ਼ਿੰਦਗੀ ’ਚ ਸਫ਼ਲ ਹੋਣ ਲਈ ਬਹੁਤ ਕੰਮ ਆਇਆ।
ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀਆਂ ਸਾਰੀਆਂ ਅੱਖਾਂ ਨਮ ਹਨ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਸਾਨੂੰ ਛੱਡ ਕੇ ਚਲੇ ਗਏ ਜਿਨ੍ਹਾਂ ਨੂੰ ਦੇਸ਼ ਹਮੇਸ਼ਾ ਯਾਦ ਕਰਦਾ ਰਹੇਗਾ। ਮੈਡਮ ਜਗਜੀਤ ਕੌਰ ਨੇ ਕਿਹਾ ਕਿ ਡਾ. ਸਿੰਘ ਦੇ ਚਲੇ ਜਾਣ ਕਰ ਕੇ ਜੋ ਘਾਟਾ ਦੇਸ਼ ਨੂੰ ਪਿਆ ਹੈ ਉਹ ਕਦੇ ਪੂਰਾ ਨਹੀਂ ਹੋਵੇਗਾ।