
ਗ੍ਰਿਫ਼ਤਾਰੀ ਤੋਂ ਪਹਿਲਾਂ ਗੁਰਦਵਾਰਾ ਸਾਹਿਬ ਵਿਖੇ ਕੀਤੀ ਨਿਵੇਕਲੀ ਅਰਦਾਸ
Sacrilege incident: ਤਿੰਨ ਸਰਕਾਰਾਂ ਬਦਲੀਆਂ, ਚੌਥਾ ਮੁੱਖ ਮੰਤਰੀ ਬਣ ਗਿਆ ਪਰ ਸਹੁੰਆਂ ਚੁੱਕ ਕੇ ਵਾਅਦੇ ਅਤੇ ਦਾਅਵੇ ਕਰਨ ਵਾਲੇ ਕਿਸੇ ਵੀ ਮੁੱਖ ਮੰਤਰੀ ਨੇ ਬੇਅਦਬੀ ਮਾਮਲਿਆਂ ਦਾ ਇਨਸਾਫ਼ ਦੇਣ ਦੀ ਜ਼ਰੂਰਤ ਹੀ ਨਾ ਸਮਝੀ। ਬਰਗਾੜੀ ਵਿਖੇ ਹਰ ਮਹੀਨੇ ਬੇਅਦਬੀ ਮਾਮਲਿਆਂ ਦਾ ਇਨਸਾਫ਼ ਲੈਣ ਲਈ 2 ਜਨਵਰੀ ਨੂੰ ਗਿ੍ਰਫ਼ਤਾਰੀਆਂ ਦੇਣ ਦੇ ਸ਼੍ਰੋਮਣੀ ਅਕਾਲੀ ਦਲ ਫ਼ਤਿਹ ਦੇ ਕੌਮੀ ਪ੍ਰਧਾਨ ਅਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਸਰਪ੍ਰਸਤ ਜਸਕਰਨ ਸਿੰਘ ਕਾਹਨਸਿੰਘ ਵਾਲਾ ਵਲੋਂ ਆਰੰਭ ਕੀਤੇ ਸਿਲਸਿਲੇ ਤਹਿਤ ਅੱਜ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਖ਼ਾਲਸਾ, ਜਨਰਲ ਸਕੱਤਰ ਕਸ਼ਮੀਰ ਸਿੰਘ ਨਵਾਦਾ, ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਮੱਖੂ ਅਤੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਮੀਤ ਪ੍ਰਧਾਨ ਜਸਪਾਲ ਸਿੰਘ ਸਲਾਣਾ ਨੇ ਗਿ੍ਰਫ਼ਤਾਰੀ ਦੇਣ ਤੋਂ ਪਹਿਲਾਂ ਗੁਰਦਵਾਰਾ ਸਾਹਿਬ ਵਿਖੇ ਅਰਦਾਸ ਬੇਨਤੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ।
ਅਪਣੇ ਸੰਬੋਧਨ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਆਖਿਆ ਕਿ ਜੇਕਰ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਇਨਸਾਫ਼ ਨਹੀਂ ਦੇਣਾ ਚਾਹੁੰਦੀਆਂ, ਤਖ਼ਤਾਂ ਦੇ ਜਥੇਦਾਰਾਂ ਸਮੇਤ ਸ਼੍ਰੋਮਣੀ ਕਮੇਟੀ, ਅਕਾਲੀ ਦਲ ਦੇ ਆਗੂ, ਵੱਖ ਵੱਖ ਸਿਆਸੀ ਪਾਰਟੀਆਂ ਦੇ ਵਿਧਾਇਕ/ਮੈਂਬਰ ਪਾਰਲੀਮੈਂਟ ਆਦਿ ਮੂਕ ਦਰਸ਼ਕ ਬਣੇ ਹੋਏ ਹਨ, ਤਾਂ ਸੱਚੇ ਪਾਤਸ਼ਾਹ ਪਹਿਲਾਂ ਤੇ ਹੁਣ ਵੀ ਨਿਮਾਣਿਆਂ ਦੀ ਆਪ ਜੀ ਦੇ ਚਰਨਾਂ ਵਿਚ ਅਰਦਾਸ ਹੈ ਕਿ ਬੇਅਦਬੀ ਕਰਨ, ਕਰਵਾਉਣ ਅਤੇ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਨੂੰ ਸੰਗਤਾਂ ਸਾਹਮਣੇ ਨੰਗਾ ਕਰ ਕੇ ਦੋਸ਼ੀਆਂ ਨੂੰ ਅਕਾਲ ਤਖ਼ਤ ਸਾਹਿਬ ’ਤੇ ਅਪਣੇ ਮੂੰਹੋਂ ਹੀ ਇਕਬਾਲ ਕਰਵਾ ਸਕਦੇ ਹੋ ਤਾਂ ਹੁਣ ਵੀ ਸੱਚੇ ਪਾਤਸ਼ਾਹ ਜੀ ਕ੍ਰਿਪਾ ਕਰ ਕੇ ਰਹਿੰਦੇ ਦੋਸ਼ੀਆਂ ਨੂੰ ਵੀ ਫੜ ਕੇ ਜੇਲਾਂ ਵਿਚ ਬੰਦ ਕਰਵਾਉ।
ਅਰਦਾਸ ਕਰਨ ਤੋਂ ਬਾਅਦ ਪੰਜ ਸਿੰਘਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕੋਲ ਹੁਣ ਕੋਈ ਵੀ ਬਹਾਨਾ ਬਾਕੀ ਨਹੀਂ ਰਿਹਾ, ਅਕਾਲ ਤਖ਼ਤ ਸਾਹਿਬ ਤੋਂ ਅਪਣੇ ਇਕਬਾਲ ਕੀਤੇ ਗੁਨਾਹੀ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਕੇ ਸਮੁੱਚੀ ਸਿੱਖ ਕੌਮ ਤੇ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਇਨਸਾਫ਼ ਦਿਵਾਉ।