ਏ.ਐਸ.ਆਈ. ਨੇ ਕੋਮਲਪ੍ਰੀਤ ਕੌਰ ਕੋਲੋਂ ਨਸ਼ੇ ਦੇ ਝੂਠੇ ਕੇਸ ’ਚ ਫਸਾਉਣ ਦੇ ਨਾਂ ’ਤੇ ਮੰਗੀ ਸੀ ਰਿਸ਼ਵਤ
ਤਰਨ ਤਾਰਨ : ਨਸ਼ੇ ਦੇ ਝੂਠੇ ਕੇਸ ਵਿੱਚ ਫਸਾਉਣ ਦੇ ਨਾਮ ਤੇ ਇੱਕ ਔਰਤ ਕੋਲੋਂ 3 ਲੱਖ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਸੀ.ਆਈ.ਏ ਸਟਾਫ ਵਿੱਚ ਤਾਇਨਾਤ ਏ.ਐਸ.ਆਈ. ਵਿਨੋਦ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸੇ ਕੇਸ ਵਿੱਚ ਕੋਮਲਪ੍ਰੀਤ ਕੌਰ ਉਪਰ ਦਬਾਅ ਬਣਾ ਕੇ ਪੁਲਿਸ ਨੂੰ ਰਿਸ਼ਵਤ ਦਿਵਾਉਣ ਵਾਲੇ ਸਰਪੰਚ ਸਤਿਨਾਮ ਸਿੰਘ ਨੂੰ ਵੀ ਪਿੰਡ ਮਾਨਵਾਲਾ ਤੋਂ ਕਾਬੂ ਕੀਤਾ ਗਿਆ ਹੈ।
ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਢੋਟੀਆਂ ਦੀ ਰਹਿਣ ਵਾਲੀ ਕੋਮਲਪ੍ਰੀਤ ਕੌਰ ਨੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਅਤੇ ਤਰਨ ਤਾਰਨ ਦੇ ਐਸ.ਐਸ.ਪੀ. ਨੂੰ ਸ਼ਿਕਾਇਤ ਕੀਤੀ ਗਈ ਸੀ। ਮਿਲੀ ਸ਼ਿਕਾਇਤ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਸੀ.ਆਈ. ਏ. ਸਟਾਫ ਵਿੱਚ ਨੌਕਰੀ ਕਰ ਰਹੇ ਏ.ਐਸ.ਆਈ ਵਿਨੋਦ ਕੁਮਾਰ ਨੂੰ ਨਸ਼ੇ ਦੇ ਮਾਮਲੇ ਵਿੱਚ ਉਕਤ ਔਰਤ ਦੇ ਦੋਸਤ ਨੂੰ ਫਸਾਉਣ ਦੇ ਨਾਮ ’ਤੇ ਰਿਸ਼ਵਤ ਲੈਣ ਦੇ ਮਾਮਲੇ ’ਚ ਮੁਅੱਤਲ ਕਰ ਦਿੱਤਾ ਗਿਆ ਹੈ।
