
ਬੀ.ਜੇ.ਪੀ. ਦੇ ਅਹੁਦੇ ਨੂੰ ਠੋਕਰ ਮਾਰ ਰਾਜਸਥਾਨ ਤੋਂ ਦਿੱਲੀ ਬਾਰਡਰ ਪਹੁੰਚੀ ਰਾਣੀ ਚਹਿਲ
ਕਿਸਾਨੀ ਅੰਦੋਲਨ ’ਚ ਪਹੁੰਚ ਕੇ ਰਾਣੀ ਚਹਿਲ ਨੇ ਮੋਦੀ ਸਰਕਾਰ ਨੂੰ ਪਾਈਆਂ ਲਾਹਨਤਾਂ
ਨਵੀਂ ਦਿੱਲੀ, 2 ਫ਼ਰਵਰੀ (ਸੈਸ਼ਵ ਨਾਗਰਾ) : ਭਾਰਤੀ ਜਨਤਾ ਪਾਰਟੀ ਪਾਰਟੀ ਦੇ ਹਨੂੰਮਾਨਗੜ੍ਹ-ਰਾਜਸਥਾਨ ਤੋਂ ਦਿੱਲੀ ਬਾਰਡਰ ’ਤੇ ਪਹੁੰਚੀ ਮਹਿਲਾ ਰਾਣੀ ਚਹਿਲ ਨੇ ਮੋਦੀ ਸਰਕਾਰ ਵਿਰੁਧ ਲਾਹਨਤਾਂ ਪਾਉਂਦਿਆਂ ਕਿਹਾ ਕਿ ਸਾਡਾ ਸਾਰਾ ਪ੍ਰਵਾਰ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਲਾਂ ਤੋਂ ਪੱਕੇ ਸਮਰਥਕ ਸੀ ਪਰ ਮੈਂ ਭਾਰਤੀ ਜਨਤਾ ਪਾਰਟੀ ਵਲੋਂ ਦਿਤੇ ਅਹੁਦਿਆਂ ਨੂੰ ਲੱਤ ਮਾਰ ਕੇ ਕਿਸਾਨੀ ਅੰਦੋਲਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹਾਂ।
ਉਨ੍ਹਾਂ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ,‘‘ਮੈਂ ਜ਼ਿੰਦਗੀ ਵਿਚ ਕਦੇ ਅਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕਰਾਂਗੀੇ।’’ ਉਨ੍ਹਾਂ ਕਿਹਾ,‘‘ਮੈਂ ਹਨੂੰਮਾਨਗੜ੍ਹ ਸਿਟੀ ਤੋਂ ਬੀਜੇਪੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਸੀ ਅਤੇ ਮੈਂ ਕਿਸਾਨੀ ਅੰਦੋਲਨ ਵਿਚ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕਰਨਾ ਅਪਣਾ ਫ਼ਰਜ਼ ਸਮਝਦੇ ਹੋਏ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਸੰਘਰਸ਼ ਵਿਚ ਪਹੁੰਚੀ ਹਾਂ।’’ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਦੇਸ਼ ਦੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਮੈਨੂੰ ਪਾਰਟੀ ਦੇ ਅਹੁਦਿਆਂ ’ਤੇ ਰਹਿਣਾ ਮੇਰਾ ਜ਼ਮੀਰ ਇਜਾਜ਼ਤ ਨਹੀਂ ਦੇ ਰਿਹਾ ਸੀ। ਉਨ੍ਹਾਂ ਕਿਹਾ ਕਿ ਗੱਲ ਇਥੇ ਅਹੁਦਿਆਂ ਦੀ ਨਹੀਂ ਹੈ, ਗੱਲ ਜ਼ਮੀਰ ਦੀ ਹੈ ਅਤੇ ਜਦੋਂ ਗੱਲ ਜ਼ਮੀਰ ਦੀ ਹੁੰਦੀ ਹੈ ਤਾਂ ਅਸੀਂ ਕਿਸੇ ਵੀ ਅਹੁਦੇ ਦੀ ਪ੍ਰਵਾਹ ਨਹੀਂ ਕਰਦੇ।