
ਬੀਕੇਯੂ-ਡਕੌਂਦਾ ਨੇ ਕੇਂਦਰੀ ਬਜਟ ਨੂੰ ਨਿੰਦਿਆ
ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕੇਂਦਰੀ ਬਜਟ ਦੀ ਸਖ਼ਤ ਆਲੋਚਨਾ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਲੰਮੇ ਅਤੇ ਠਰ੍ਹੰਮੇ ਵਾਲੇ ਸੰਘਰਸ਼ ਤੋਂ ਬਾਅਦ ਸ਼ਾਇਦ ਕੇਂਦਰ ਸਰਕਾਰ ਨੇ ਬਦਲਾ ਲਿਆ ਹੈ। ਐਮ.ਐਸ.ਪੀ. ਲਈ 2.37 ਲੱਖ ਕਰੋੜ ਜੋ ਰੱਖੇ ਹਨ, ਉਹ ਪਿਛਲੇ ਸਾਲ ਨਾਲੋਂ ਵੀ ਘੱਟ ਹੈ।
Nirmala Sitharaman
ਪਿਛਲੇ ਸਾਲ ਇਹ ਪੈਸਾ 2.48 ਲੱਖ ਕਰੋੜ ਸੀ। ਇਸ ਸਾਲ ਬਜਟ ਘਟਾ ਕੇ 2.37 ਲੱਖ ਕਰੋੜ ਕਰ ਦਿੱਤਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਫਸਲਾਂ ’ਤੇ ਘੱਟੋ-ਘੱਟ ਲਾਗਤ ਕੀਮਤ ’ਤੇ ਖਰੀਦ ਘੱਟ ਹੋਵੇਗੀ। ਜਦੋਂ ਕਿ ਪਹਿਲਾਂ ਹੀ ਭਾਰਤ ਦੇ ਕਿਸਾਨਾਂ ਦੀਆਂ 50 ਪ੍ਰਤੀਸ਼ਤ ਫਸਲਾਂ ਨੂੰ ਐਮ.ਐਸ.ਪੀ. ਨਹੀਂ ਮਿਲਦੀ। 2022 ਤੱਕ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੀ ਬਜਾਏ ਸਗੋਂ ਘੱਟ ਕਰਨ ਵੱਲ ਕਦਮ ਚੁੱਕੇ ਹਨ। ਖਾਦਾਂ ਤੇ ਖੁਰਾਕ ’ਤੇ ਸਬਸਿਡੀ ਘਟਾ ਦਿੱਤੀ ਹੈ।
ਡਰੋਨ ਰਾਹੀਂ ਕੀਟਨਾਸ਼ਕ ਦਵਾਈਆਂ ਦੇ ਛੜਕਾਅ ਦੇ ਸੁਪਨੇ ਦਿਖਾਏ ਗਏ ਹਨ। ਖੇਤੀ ਯੂਨੀਵਰਸਿਟੀਆਂ ਨੂੰ ਸਿਲੇਬਸ ਬਦਲਣ ਲਈ ਕਿਹਾ ਪਰ ਖਾਲੀ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਲਈ ਕੁਝ ਨਹੀਂ। ਪ੍ਰੰਪਰਕ ਤੇ ਔਰਗੈਨਿਕ ਖੇਤੀ 'ਚ ਬੜਾਵੇ ਦੀਆਂ ਗੱਲਾਂ ਕੀਤੀਆਂ ਗਈਆਂ ਹਨ, ਪਰ ਬਜਟ ਕੁਝ ਨਹੀਂ। ਫਸਲੀ ਵਿਭਿੰਨਤਾ ਲਈ ਕੁਝ ਨਹੀਂ। ਕਰਜ਼ਾ ਖ਼ਤਮ ਕਰਨ ਜਾਂ ਆਮਦਨ ਵਧਾਉਣ ਨਾਲ ਹੀ ਕਿਸਾਨੀ ਖੁਦਕਸ਼ੀ ਤੋਂ ਪਿਛੇ ਹਟ ਸਕਦੀ ਹੈ। ਪੈਟਰੋਲ ਤੇ ਡੀਜ਼ਲ ਵੀ ਮਹਿੰਗਾ ਕਰਨ ਦੀ ਵਿਉਂਤ ਵੀ ਕਿਸਾਨ ਤੇ ਆਮ ਲੋਕਾਂ ਤੇ ਬੋਝ ਹੈ। ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਆਪਣੀ ਹੋਂਦ ਲਈ ਦੂਜੀ ਲੰਮੀ, ਠਰੰਮੇ ਅਤੇ ਦ੍ਰਿੜ ਇਰਾਦੇ ਲਈ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਹੈ।