
ਸਿੱਖ ਇਕ ਸਿਪਾਹੀ ਹੋ ਸਕਦਾ ਹੈ ਤਨਖ਼ਾਹਦਾਰ ਹੋ ਸਕਦਾ ਹੈ, ਪਰ ਗੁਰੂ ਦਾ ਸਿੱਖ ਇਕ ਜ਼ਜ਼ਬਾ ਹੈ ਤੇ ਉਹ ਜ਼ਜ਼ਬੇ ਨਾਲ ਹੀ ਲੜਾਈ ਲੜ ਸਕਦਾ ਹੈ- ਗਰੇਵਾਲ
ਮੁਹਾਲੀ- ਪਿਛਲੇ ਕਾਫੀ ਸਮੇਂ ਤੋਂ ਇਹ ਵਿਸ਼ਾ ਬਹੁਤ ਚਰਚਾ ਵਿਚ ਸੀ ਕਿ ਕੇਂਦਰ ਸਰਕਾਰ ਨੇ ਸਿੱਖ ਫ਼ੌਜੀਆਂ ਲਈ ਹੈਲਮੇਟ ਲਾਜ਼ਮੀ ਕੀਤਾ ਸੀ ਇਸ ਸਬੰਧੀ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਗਰੇਵਾਲ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਜਥੇਬੰਦੀਆਂ ਉਸ ਦਾ ਪੁਰਜ਼ੋਰ ਵਿਰੋਧ ਕਰ ਰਹੀਆਂ ਹਨ। ਇਹ ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਸਿੱਖ ਮਰਿਯਾਦਾ ਦਾ ਮਸਲਾ ਹੈ। ਇਸ ਮਸਲੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਨੇ ਆਪਣਾ ਪੱਖ ਦੇ ਦਿੱਤਾ ਹੈ। ਉਸ ਦੇ ਤਹਿਤ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੀਟਿੰਗ ਲਈ ਚਿੱਠੀ ਭੇਜੀ ਸੀ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਵਫਦ ਤੇ ਸ਼੍ਰੋਮਣੀ ਕਮੇਟੀ ਵਲੋਂ ਦੋ ਵਫਦ ਤੇ ਦਿੱਲੀ ਕਮੇਟੀ ਦੇ ਦੋ ਮੈਂਬਰਾਂ ਅੱਜ ਇੱਥੇ ਪਹੁੰਚੇ ਹਨ।
ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਮੀਟਿੰਗ ਦੀ ਪ੍ਰਧਾਨਗੀ ਇਕਬਾਲ ਸਿੰਘ ਲਾਲਪੁਰਾ ਕਰ ਰਹੇ ਸਨ। ਇਸ ਮੌਕੇ ਦੇਸ਼ ਦੀ ਫੌਜ ਦੇ ਉੱਚ ਅਧਿਕਾਰੀ ਤੇ ਕੁੱਝ ਸਿੱਖ ਜਥੇਬੰਦੀਆਂ ਦੇ ਲੋਕ ਵੀ ਉੱਥੇ ਸ਼ਾਮਲ ਹੋਏ। ਜਦੋਂ ਮੀਟਿੰਗ ਦਾ ਆਰੰਭ ਹੋਇਆ ਤਾਂ ਉਦੋਂ ਅਸੀਂ ਸਭ ਤੋਂ ਪਹਿਲਾਂ ਇਹ ਬੇਨਤੀ ਕੀਤੀ ਕਿ ਅਸੀਂ ਤੁਹਾਡੇ ਸੱਦੇ ਤੇ ਇੱਥੇ ਆਏ ਹਾਂ, ਪਰ ਸਾਨੂੰ ਜੋ ਹੁਕਮ ਹੋਇਆ ਉਹ ਹੁਕਮ ਅਸੀਂ ਇੱਥੇ ਲੈ ਕੇ ਆਏ ਹਾਂ। ਅਸੀਂ ਤੁਹਾਡੀ ਬਹਿਸ ਵਿਚ ਸ਼ਾਮਲ ਨਹੀਂ ਹੋਵਾਂਗੇ, ਅਸੀਂ ਕੇਵਲ ਆਪਣਾ ਪੱਖ ਰੱਖਾਂਗੇ। ਸੋ ਇਸ ਗੱਲ ’ਤੇ ਸਹਿਮਤੀ ਨਹੀਂ ਬਣੀ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਮਰਿਯਾਦਾ ਦਾ ਮਾਮਲਾ ਹੈ ਇਸ ’ਤੇ ਦਲੀਲ ਨਹੀਂ ਹੋ ਸਕਦੀ। ਕਿਉਂਕਿ ਇਹ ਦਸਤਾਰ ਸਿੱਖ ਮਰਿਯਾਦਾ ਤੇ ਸਾਡਾ ਮਾਣ, ਸਨਮਾਨ ਹੈ ਤੇ ਗੁਰੂ ਸਾਹਿਬ ਨੇ ਸਾਨੂੰ ਬਖ਼ਸ਼ੀ ਹੈ। ਪਿਛਲੇ ਸਮੇਂ ’ਚ ਇਸ ਹੈਲਮੇਟ ਤੋਂ ਬਿਨ੍ਹਾਂ ਸਾਡੇ ਜਵਾਨ ਬਹਾਦਰੀ ਨਾਲ ਲੜ੍ਹੇ । ਚਾਹੇ ਪਹਿਲਾ ਵਿਸ਼ਵ ਯੁੱਧ ਹੋਵੇ ਜਾਂ ਹੋਰ ਲੜਾਈਆਂ ’ਚ ਸਿੱਖ ਦਸਤਾਰ ਬੰਨ੍ਹ ਕੇ ਹੀ ਲੜਿਆ ਹੈ । ਕਿਉਂਕਿ ਇਹ ਗੱਲ ਮੰਨਣੀ ਹੋਵੇਗੀ ਦੇਸ਼ ਲਈ ਸਿੱਖ ਇਕ ਜ਼ਜ਼ਬਾ ਵੀ ਹੈ। ਸਿੱਖ ਇਕ ਸਿਪਾਹੀ ਹੋ ਸਕਦਾ ਹੈ ਤਨਖ਼ਾਹਦਾਰ ਹੋ ਸਕਦਾ ਹੈ, ਪਰ ਗੁਰੂ ਦਾ ਸਿੱਖ ਇਕ ਜ਼ਜ਼ਬਾ ਹੈ ਤੇ ਉਹ ਜ਼ਜ਼ਬੇ ਨਾਲ ਹੀ ਲੜਾਈ ਲੜ ਸਕਦਾ ਹੈ। ਅੱਜ ਤੱਕ ਇਸ ਦੇਸ਼ ਨੇ ਉਸ ਜ਼ਜ਼ਬੇ ਦਾ ਆਨੰਦ ਵੀ ਮਾਣਿਆ ਤੇ ਦੇਸ਼ ਆਜ਼ਾਦ ਵੀ ਹੋਇਆ ਹੈ। ਅੱਜ ਦੇਸ਼ ਦੀਆਂ ਸਰਹੱਦਾਂ ਵੀ ਸਿੱਖਾਂ ਕਰਕੇ ਆਜ਼ਾਦ ਹਨ। ਹੁਣ ਇਸ ਜ਼ਜ਼ਬੇ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਪਤਾ ਨਹੀਂ ਕਿਉਂ ਇਹ ਸਰਕਾਰ ਕੁਰਾਹੇ ਪੈ ਗਈ।
ਮੀਟਿੰਗ ਵਿਚ ਗਰੇਵਾਲ ਨੇ ਕਿਹਾ ਕਿ ਅਸੀਂ ਇਹ ਮਸਲੇ ਤੇ ਕੋਈ ਦਲੀਲ ਨਹੀਂ ਸੁਣਨਾ ਚਾਹੁੰਦੇ। ਇਹ ਸਾਡੀ ਸਿੱਖ ਮਰਿਯਾਦਾ ਦਾ ਮਸਲਾ ਹੈ। ਅਖ਼ੀਰ ਇਹ ਸਹਿਮਤੀ ਬਣੀ ਕਿ ਇੱਕ ਲਿਖਤੀ ਮਤਾ ਦਿੱਤਾ ਜਾਵੇ, ਇਸ ਤੋਂ ਬਾਅਦ ਸਾਡੇ ਸਾਰੇ ਵਫਦ ਨੇ ਇਕ ਲਿਖ਼ਤੀ ਮਤਾ ਦੇ ਦਿੱਤਾ। ਸਭ ਤੋਂ ਪਹਿਲਾ ਮੀਟਿੰਗ ਚ ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਹੈਲਮੇਟ ਤੇ ਰਿਐਕਸ਼ਨ ਦਿੱਤਾਸੀ ਉਹ ਪੜ੍ਹ ਕੇ ਸੁਣਾਇਆ ਤੇ ਸਾਡੇ ਸਾਰੇ ਵਫਦ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਡੇ ਲਈ ਸਨਮਾਨਯੋਗ ਹਨ। ਸਾਨੂੰ ਨਹੀਂ ਲੱਗਦਾ ਕਿ ਉਸ ਤੋਂ ਬਾਅਦ ਕੋਈ ਦਲੀਲ ਰਹਿ ਜਾਂਦੀ ਹੈ।
ਗਰੇਵਾਲ ਨੇ ਕਿਹਾ ਕਿ ਇਸ ਪਿੱਛੇ ਤਕਨੀਕੀ ਕਾਰਨ ਹੈ, ਪਰ ਅਸੀਂ ਆਪਣਾ ਪੱਖ ਦੇ ਕੇ ਵਾਪਸ ਆ ਗਏ। ਮੀਟਿੰਗ ਹਾਲੇ ਵੀ ਚੱਲ ਰਹੀ ਸੀ। ਅਸੀਂ ਉਨ੍ਹਾਂ ਦੀ ਸਹਿਮਤੀ ਤੋਂ ਬਾਅਦ ਪੱਖ ਰੱਖ ਕੇ ਵਾਪਸ ਆ ਗਏ। ਹੁਣ ਉਹ ਕੀ ਫੈਸਲਾ ਕਰਨਗੇ ਉਹ ਆਉਣ ਵਾਲੇ ਸਮੇਂ ’ਚ ਪਤਾ ਲੱਗੇਗਾ। ਸਿੱਖ ਮਰਿਯਾਦਾ ਦਾ ਮਸਲਾ ਹੈ ਸਮਝੋਤਾ ਤਾਂ ਨਹੀਂ ਕੀਤਾ ਜਾ ਸਕਦਾ, ਪਰ ਅਸੀਂ ਬਹਿਸ ਤੋਂ ਭੱਜੇ ਨਹੀਂ ਕਿਉਂਕਿ ਬਹਿਸ ਸਿੱਖ ਮਰਿਯਾਦਾ ’ਤੇ ਨਹੀਂ ਹੋ ਸਕਦੀ। ਬਹਿਸ ਹੋਰ ਮੁੱਦਿਆਂ ਤੇ ਹੋ ਸਕਦੀ ਹੈ। ਜਿਹੜੀਆਂ ਮਰਿਯਾਦਾਵਾਂ ਗੁਰੂ ਸਾਹਿਬਾਨਾਂ ਵੱਲੋਂ ਸਥਾਪਿਤ ਕੀਤੀਆਂ ਗਈਆਂ ਹਨ ਉਸ ਤੇ ਕੋਈ ਬਹਿਸ ਨਹੀਂ ਹੋ ਸਕਦੀ ਉਸ ਨੂੰ ਘਟਾਇਆ ਜਾ ਵਧਾਇਆ ਨਹੀਂ ਜਾ ਸਕਦਾ। ਇਹ ਸਿੱਖਾਂ ਦੀ ਸਿੱਧੀ ਤੇ ਸਪੱਸ਼ਟ ਗੱਲ ਹੈ।