
ਪਿੰਡ ਦੀ ਹਦੂਦ ’ਚ ਨਸ਼ਾ ਵੇਚਣ ਵਾਲਾ ਫੜਿਆ ਗਿਆ ਤਾਂ ਆਪਣੀ ਜਾਨ ਮਾਲ ਦਾ ਉਹ ਆਪ ਹੋਵਗਾ ਜ਼ਿੰਮੇਵਾਰ |
ਬਟਾਲਾ - ਪੰਜਾਬ ਅੰਦਰ ਨਸ਼ਾ ਵੇਚਣ ਅਤੇ ਲੁੱਟ ਖੋਹ ਦੀਆ ਵਾਰਦਾਤਾਂ ਦੇ ਲਗਾਤਾਰ ਵਾਧੇ ਨੂੰ ਲੋਕਾਂ ਵੱਲੋਂ ਜਗ੍ਹਾ-ਜਗ੍ਹਾ ਆਪ ਹੀ ਸੰਘਰਸ਼ ਸ਼ੁਰੂ ਕੀਤਾ ਜਾ ਰਿਹਾ ਹੈ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਬਟਾਲਾ ਦੇ ਨਜ਼ਦੀਕੀ ਪਿੰਡ ਬਿਸ਼ਨਿਵਾਲ ਵਿਖੇ ਜਿਥੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਨਸ਼ਿਆਂ ਖ਼ਿਲਾਫ਼ ਪੰਚਾਇਤ ’ਚ ਮਤਾ ਦਿੱਤਾ, ਕਿ ਪਿੰਡ ’ਚ ਨਸ਼ਾ ਵੇਚਣ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਕਾਬੂ ਕਰ ਕੇ ਪਹਿਲਾਂ ਪਿੰਡ ’ਚ ਨਜਿੱਠਿਆ ਜਾਵੇਗਾ ਅਤੇ ਫਿਰ ਪੁਲਿਸ ਹਵਾਲੇ ਕੀਤਾ ਜਾਵੇਗਾ|
ਬਟਾਲਾ ਦੇ ਨੇੜਲੇ ਪਿੰਡ ਬਿਸ਼ਨਿਵਾਲ ਦੇ ਮੋਹਤਬਰ ਅਤੇ ਪਿੰਡ ਵਾਸੀਆਂ ਨੇ ਅੱਜ ਵੱਡੀ ਗਿਣਤੀ ’ਚ ਇਕੱਠੇ ਹੋ ਪਿੰਡ ’ਚ ਨਸ਼ੇ ਕਾਰਨ ਹੋ ਰਹੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਤਾ ਪਾਸ ਕੀਤਾ ਹੈ। ਪਿੰਡ ਵਸਿਆ ਨੇ ਦੱਸਿਆ ਕਿ ਪਿੰਡ ਵਿਚ ਨਸ਼ਾ ਪਿਛਲੇ ਪੰਜ ਛੇ ਸਾਲਾਂ ਤੋਂ ਪਿੰਡ ਦੇ ਹੀ ਕੁਝ ਲੋਕਾਂ ਵਲੋਂ ਵੇਚਿਆ ਜਾਂਦਾ ਸੀ ਪਿੰਡ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ ਪੁਲਿਸ ਨੇ ਕੇਸ ਵੀ ਦਰਜ ਕੀਤੇ ਪਰ ਕਾਬੂ ਕਿਸੇ ਨੂੰ ਨਹੀਂ ਕੀਤਾ। ਹੁਣ ਇਹਨਾਂ ਨਸ਼ਾ ਵੇਚਣ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੌਂਸਲੇ ਇੰਨੇ ਵੱਧ ਗਏ ਕਿ ਉਹਨਾਂ ਵੱਲੋਂ ਸ਼ਰੇਆਮ ਕਿਸੇ ਨੂੰ ਪਿੰਡ ਦੇ ਰਾਹ ਜਾਂਦੇ ਨੂੰ ਲੁੱਟ ਲੈਂਦੇ ਹਨ।
ਨਸ਼ੇੜੀ ਨੌਜਵਾਨ ਘਰਾਂ ਅੰਦਰ ਵੜ ਕੇ ਹਮਲਾ ਕਰ ਕੇ ਲੁੱਟ ਕੇ ਲੈ ਜਾਂਦੇ ਹਨ ਦੁਕਾਨਾਂ ਉਤੋਂ ਸ਼ਰੇਆਮ ਲੁੱਟ ਖੋਹ ਕਰਕੇ ਭੱਜ ਜਾਂਦੇ ਹਨ। ਇਹਨਾਂ ਘਟਨਾਵਾਂ ਵਿਚੋਂ ਤਾਜ਼ਾ ਘਟਨਾ ਇਕ ਦੁਕਾਨਦਾਰ ਨਾਲ ਹੋਈ ਲੁੱਟ ਦੀ ਜੋ 25 ਜਨਵਰੀ ਦੀ ਸ਼ਾਮ ਨੂੰ ਕੀਤੀ ਗਈ ਅਤੇ ਉਸ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ। ਇਹਨਾਂ ਨਸ਼ਾ ਵੇਚਣ ਵਾਲਿਆਂ ਤੋਂ ਦੁਖੀ ਹੋ ਕੇ ਪਿੰਡ ਬਿਸ਼ਨਿਵਾਲ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਹੈ ਕੇ ਜੇਕਰ ਅੱਜ ਤੋਂ ਬਾਅਦ ਪਿੰਡ ਦੀ ਹਦੂਦ ਅੰਦਰ ਜਾਂ ਫਿਰ ਪਿੰਡ ਦੇ ਆਸ ਪਾਸ ਕੋਈ ਵੀ ਨਸ਼ਾ ਵੇਚਦਾ ਜਾਂ ਫਿਰ ਲੁੱਟ ਖੋਹ ਕਰਦਾ ਕਾਬੂ ਆ ਗਿਆ ਤਾਂ ਉਹ ਆਪਣੀ ਜਾਨ ਮਾਲ ਦਾ ਖੁਦ ਜ਼ਿੰਮੇਵਾਰ ਹੋਵਗਾ। ਪਿੰਡ ਵਾਲੇ ਪਹਿਲਾ ਉਸਨੂੰ ਖੁਦ ਬੰਦੇ ਦਾ ਪੁੱਤ ਬਣਾਉਣਗੇ ਬਾਅਦ ਵਿਚ ਪੁਲਿਸ ਦੇ ਹਵਾਲੇ ਕਰਨਗੇ ਓਹਨਾ ਕਿਹਾ ਕਿ ਇਸ ਮਤੇ ਦੀ ਕਾਪੀ ਪੁਲਿਸ ਪ੍ਰਸ਼ਾਸਨ ਨੂੰ ਵੀ ਦਿਤੀ ਜਾਵੇਗੀ