
ਸ੍ਰੀ ਦਰਬਾਰ ਸਾਹਿਬ ਆ ਕੇ ਬਹੁਤ ਹੀ ਸਕੂਨ ਮਿਲਿਆ- ਅੰਜਨੀ ਕੁਮਾਰ (ਨੇਪਾਲ ਵਫ਼ਦ ਦੀ ਅਗਵਾਈ ਕਰ ਰਹੇ ਡੀਆਈਜੀ)
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਭਾਰਤ ਸਰਕਾਰ ਦੇ ਸੱਦੇ ’ਤੇ ਤਿੰਨ ਦਿਨਾਂ ਦੌਰੇ ’ਤੇ ਪੁੱਜੇ ਨੇਪਾਲ ਦੀ ਫ਼ੋਰਸ ਦੇ 24 ਮੈਂਬਰੀ ਵਫ਼ਦ ਮੈਂਬਰਾਂ ਨੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ। ਨੇਪਾਲ ਦੇਸ਼ ਦਾ ਇਹ ਵਫ਼ਦ ਬੀਐਸਐਫ਼ ਅੰਮ੍ਰਿਤਸਰ ਸੈਕਟਰ ਦੇ ਅਧਿਕਾਰੀਆਂ ਦੇ ਨਾਲ ਅੰਮ੍ਰਿਤਸਰ ਵਿਖੇ ਸਥਿਤ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨ ਪੁੱਜਾ ਹੈ।
ਸ੍ਰੀ ਦਰਬਾਰ ਸਾਹਿਬ ਵਿਖੇ ਨੇਪਾਲ ਆਰਮਡ ਪੁਲਿਸ ਫ਼ੋਰਸ ਦੇ ਡੀਆਈਜੀ ਅੰਜਨੀ ਕੁਮਾਰ ਪੋਖਰਿਆਲ ਦੀ ਅਗਵਾਈ ਵਿਚ ਪੁੱਜੇ ਇਸ ਵਫ਼ਦ ਨੇ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਕਰਦਿਆਂ ਵੱਖ-ਵੱਖ ਸਥਾਨਾਂ ਤੇ ਦਰਸ਼ਨ ਦੀਦਾਰੇ ਕਰਨ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।
ਇਸ ਤੋਂ ਬਾਅਦ ਵਫ਼ਦ ਦੇ ਸਮੂਹ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਮੱਥਾ ਟੇਕਿਆ। 9 ਨੇਪਾਲ ਵਫ਼ਦ ਦੀ ਅਗਵਾਈ ਕਰ ਰਹੇ ਡੀਆਈਜੀ ਅੰਜਨੀ ਕੁਮਾਰ ਨੇ ਦਸਿਆ ਕਿ ਨੇਪਾਲ ਫ਼ੋਰਸਿਜ਼ ਦਾ ਸਬੰਧ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਬੰਧਤ ਹੈ ਤੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਆ ਕੇ ਬਹੁਤ ਹੀ ਸਕੂਨ ਮਿਲਿਆ ਹੈ।
ਨੇਪਾਲ ਦੇ ਵਫ਼ਦ ਦੀ ਅਗਵਾਈ ਕਰ ਰਹੇ ਡੀਆਈਜੀ ਅੰਜਨੀ ਕੁਮਾਰ ਅਤੇ ਵਫ਼ਦ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਯਾਦਗਾਰੀ ਤਸਵੀਰ ਤੇ ਸਿੱਖ ਇਤਿਹਾਸ ਨਾਲ ਸਬੰਧਤ ਪੁਸਤਕਾਂ ਦੇ ਸੈਟ ਦੇ ਕੇ ਸਨਮਾਨਤ ਕੀਤਾ।