
ਸਾਲ 2050 ਤਕ ਦੁਨੀਆ ਦੇ 4 'ਚੋਂ 1 ਵਿਅਕਤੀ ਨੂੰ ਹੋਵੇਗੀ ਸੁਣਨ ਦੀ ਸਮੱਸਿਆ : ਡਬਲਯੂ.ਐਚ.ਓ
ਨਵੀਂ ਦਿੱਲੀ, 2 ਮਾਰਚ : ਵਿਸਵ ਭਰ ਵਿਚ ਵੱਧ ਰਹੀ ਆਬਾਦੀ ਨਾਲ ਲੋਕਾਂ ਲਈ ਬਹੁਤ ਸਾਰੀਆਂ ਮੁਸ਼ਕਲਾਂ ਵੀ ਸਾਹਮਣੇ ਆ ਰਹੀਆਂ ਹਨ | ਹੁਣ ਅਜਿਹੀ ਇਕ ਚੇਤਾਵਨੀ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ) ਵਲੋਂ ਜਾਰੀ ਕੀਤੀ ਗਈ ਹੈ | ਡਬਲਿਊ.ਐਚ.ਓ ਮੁਤਾਬਕ 2050 ਤਕ ਦੁਨੀਆਂ 'ਚ ਹਰ 4 ਵਿਚੋਂ ਇਕ ਵਿਅਕਤੀ ਨੂੰ ਸੁਣਨ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਸ ਦਾ ਮਤਲਬ ਇਹ ਹੈ ਕਿ 2050 ਤਕ ਲੋਕਾਂ ਦੀ ਸੁਣਨ ਦੀ ਸਮਰੱਥਾ ਵਿੱਚ ਕਮੀ ਆਵੇਗੀ | ਮੰਗਲਵਾਰ ਨੂੰ ਇਸ ਸਬੰਧ ਵਿਚ ਇਕ ਚੇਤਾਵਨੀ ਜਾਰੀ ਕਰਦਿਆਂ ਨੇ ਇਸ ਸਮੱਸਿਆ ਦੇ ਹੱਲ ਲਈ ਇਲਾਜ ਅਤੇ ਰੋਕਥਾਮ ਲਈ ਵਧੇਰੇ ਨਿਵੇਸ਼ ਕਰਨ ਦਾ ਸੁਝਾਅ ਦਿਤਾ ਹੈ | ਰੀਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਕਦਮ ਚੁੱਕਣ 'ਚ ਅਸਫ਼ਲਤਾ ਦਾ ਖ਼ਾਮਿਆਜ਼ਾ ਪ੍ਰਭਾਵਤ ਲੋਕਾਂ ਦੀ ਸਿਹਤ ਅਤੇ ਖ਼ੁਸ਼ਹਾਲੀ 'ਤੇ ਅਸਰ ਦੇ ਰੂਪ 'ਚ ਸਾਹਮਣੇ ਆਵੇਗੀ | ਇਸ ਤੋਂ ਇਲਾਵਾ ਸਿਖਿਆ, ਨੌਕਰੀਆਂ ਅਤੇ ਸੰਚਾਰ ਤੋਂ ਉਨ੍ਹਾਂ ਦੇ ਵੱਖ ਹੋਣ ਕਾਰਨ ਵਿੱਤੀ ਸੰਕਟ ਵੀ ਪੈਦਾ ਹੋ ਸਕਦਾ ਹੈ | ਰੀਪੋਰਟ ਅਨੁਸਾਰ ਇਸ ਸਮੇਂ ਵਿਸ਼ਵ 'ਚ ਹਰ ਪੰਜ 'ਚੋਂ ਇਕ ਵਿਅਕਤੀ ਸੁਣਨ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ | (ਪੀਟੀਆਈ)