
‘ਔਰਤਾਂ ਵਾਂਗ ਮਰਦਾਂ ਦੀ ਸੁਣਵਾਈ ਲਈ ਵੀ ਬਣਨਾ ਚਾਹੀਦੈ ਮਰਦ ਕਮਿਸ਼ਨ’
ਸਾਡੇ ਦੇਸ਼ ਭਾਰਤ ਵਿਚ ਸ਼ੁਰੂ ਤੋਂ ਹੀ ਔਰਤਾਂ ਨੂੰ ਦਬਾ ਕੇ ਰਖਿਆ ਜਾਂਦਾ ਆ ਰਿਹਾ ਹੈ। ਔਰਤਾਂ ਨੂੰ ਹਰ ਤਰ੍ਹਾਂ ਦਾ ਸਮਝੌਤਾ ਕਰਨ ਲਈ ਮਜਬੂਰ ਕੀਤਾ ਜਾਂਦਾ ਆ ਰਿਹਾ ਹੈ। ਪਰ ਅੱਜ ਦੇ ਟਾਈਮ ਔਰਤਾਂ ਲਈ ਕਈ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਹਨ ਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਅਹੁਦਾ ਦਿਤਾ ਜਾ ਰਿਹਾ ਹੈ ਤੇ ਹੁਣ ਔਰਤਾਂ ਦੀ ਅਜਿਹੀ ਚੁੱਪੀ ਟੁੱਟੀ ਕਿ ਉਹ ਹੱਦੋਂ ਪਾਰ ਹੋ ਗਈਆਂ ਹਨ ਜਿਸ ਕਰ ਕੇ ਕਈਆਂ ਦੇ ਘਰ ਵੀ ਟੁੱਟ ਜਾਂਦੇ ਹਨ। ਕਈ ਔਰਤਾਂ ਆਪਣਾ ਸਭਿਆਚਾਰ ਹੀ ਭੁਲ ਗਈਆਂ ਹਨ ਤੇ ਦੂਜਿਆਂ ਦੇ ਘਰ ਤੋੜਨ ਵਿਚ ਦੇਰ ਨਹੀਂ ਲਗਾਉਂਦੀਆਂ।
ਹੁਣ ਮਰਦ ਵੀ ਕਹਿਣ ਲੱਗ ਪਏ ਹਨ ਕਿ ਸਾਡੇ ਲਈ ਵੀ ਇਕ ਮਰਦ ਕਮਿਸ਼ਨ ਬਣਨਾ ਚਾਹੀਦਾ ਹੈ। ਅਜਿਹੇ ਮੁੱਦਿਆਂ ’ਤੇ ਰੋਜ਼ਾਨਾ ਸਪੋਕਸਸਮੈਨ ਦੀ ਸੰਪਾਦਕ ਨਿਮਰਤ ਕੌਰ ਨਾਲ ਗੱਲਬਾਤ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸ਼ਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਪਹਿਲਾਂ ਮੇਰੇ ਕੋਲ ਜੋ ਕੇਸ ਆਉਂਦੇ ਸਨ ਉਹ ਹੁੰਦੇ ਸਨ ਕਿ ਮਰਦ ਨੇ ਔਰਤ ਨਾਲ ਜਾਂ ਫਿਰ ਕਿਸੇ ਮੁੰਡੇ ਨੇ ਕੁੜੀ ਨਾਲ ਧੱਕਾ ਕੀਤਾ ਹੈ, ਪਰ ਅੱਜ ਮਾਹੌਲ ਇੰਨਾ ਖ਼ਰਾਬ ਹੋ ਗਿਆ ਹੈ ਕਿ ਕੁੜੀਆਂ ਵੀ ਮੁੰਡਿਆਂ ਨਾਲ ਧੱਕਾ ਕਰਨ ਲੱਗ ਪਈਆਂ ਹਨ ਤੇ ਮੁੰਡੇ ਵੀ ਮੈਨੂੰ ਚਿੱਠੀਆਂ ਲਿਖਣ ਲੱਗ ਪਏ ਕਿ ਸਾਡੇ ਲਈ ਵੀ ਇਕ ਮਰਦ ਕਮਿਸ਼ਨ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਇਕ ਸਾਲ ਪਹਿਲਾਂ ਮੈਂ ਇਹ ਅਹੁਦਾ ਸੰਭਾਲਿਆ ਸੀ ਤੇ ਮੇਰੇ ਕੋਲ ਹੁਣ ਤਕ 2600 ਕੇਸ ਆਏ ਹਨ, ਜਿਨ੍ਹਾਂ ਵਿਚੋਂ 50 ਫ਼ੀ ਸਦੀ ਕੇਸ ਲਿਵ-ਇਨ ਰਿਲੇਸ਼ਨ ਦੇ ਹਨ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਮੈਂ ਵੀ ਹੈਰਾਨ ਹਾਂ। ਉਨ੍ਹਾਂ ਕਿਹਾ ਕਿ ਅੱਜ ਕੱਲ ਇਸ ਤਰ੍ਹਾਂ ਹੋ ਰਿਹਾ ਹੈ ਕਿ ਮੁੰਡਾ ਕੁੜੀ ਅਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਪਰਿਵਾਰ ਸਹਿਮਤ ਨਹੀਂ ਹੁੰਦੇ, ਜਿਸ ਕਾਰਨ ਉਹ ਲਿਵਇਨ ’ਚ ਰਹਿਣ ਲਗਦੇ ਹਨ ਤੇ ਮੁੰਡਾ ਕਹਿੰਦਾ ਹੈ ਕੇ ਹੌਲੀ ਹੌਲੀ ਮੈਂ ਘਰ ਦਿਆਂ ਨੂੰ ਸਮਝਾ ਲਵਾਂਗਾ ਤੇ ਕੁੱਝ ਸਮੇਂ ਬਾਅਦ ਉਹ ਕੁੜੀ ਨੂੰ ਛੱਡ ਕੇ ਚਲਿਆ ਜਾਂਦਾ ਹੈ।
ਜਿਸ ਤੋਂ ਬਾਅਦ ਕੁੜੀ ਪੁਲਿਸ ਕੋਲ ਜਾਂ ਫਿਰ ਸਾਡੇ ਕੋਲ ਆਉਂਦੀ ਹੈ ਤੇ ਕਹਿੰਦੀ ਹੈ ਕਿ ਮੇਰਾ ਉਸ ਮੁੰਡੇ ਨਾਲ ਵਿਆਹ ਕਰਵਾਉ ਜਾਂ ਫਿਰ ਰੇਪ ਦਾ ਕੇਸ ਪਾਉ। ਉਨ੍ਹਾਂ ਕਿਹਾ ਕਿ ਜਦੋਂ ਮੁੰਡਾ ਕੁੜੀ 18 ਤੋਂ 20 ਸਾਲ ਦੀ ਉਮਰ ਤੋਂ ਟੱਪ ਜਾਵੇ ਤਾਂ ਉਹ ਆਪਣਾ ਫ਼ੈਸਲਾ ਖ਼ੁਦ ਲੈ ਸਕਦੇ ਹਨ। ਜਦੋਂ ਤੁਸੀਂ ਆਪਣੀ ਮਰਜ਼ੀ ਨਾਲ ਕਿਸੇ ਨਾਲ ਰਿਲੇਸ਼ਨ ਵਿਚ ਰਹਿੰਦੇ ਹੋ ਤਾਂ ਫਿਰ ਰੇਪ ਕੇਸ ਕਿਸ ਤਰ੍ਹਾਂ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਮੈਂ ਗ਼ਲਤ ਸਮਝਦੀ ਹਾਂ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਹਿਰਾਂ ਵਿਚ ਹੀ ਨਹੀਂ ਪਿੰਡ ਵਿਚ ਵਿਆਹੀਆਂ ਔਰਤਾਂ ਜਾਂ ਮਰਦ ਵੀ ਇਸੇ ਤਰ੍ਹਾਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੇਰੇ ਕੋਲ 65 ਸਾਲਾਂ ਦੀ ਔਰਤ ਦਾ ਵੀ ਲਿਵ-ਇਨ ਰਿਲੇਸ਼ਨ ਦਾ ਕੇਸ ਆਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿਚ ਵਿਆਹੇ ਮਰਦ ਜਾਂ ਫਿਰ ਔਰਤਾਂ ਆਪਣੇ ਘਰਵਾਲੇ ਜਾਂ ਫਿਰ ਘਰਵਾਲੀ ਨੂੰ ਛੱਡ ਕੇ ਬਿਨਾਂ ਤਲਾਕ ਦਿਤੇ ਦੂਜੇ ਮਰਦ ਜਾਂ ਔਰਤ ਨਾਲ ਰਹਿ ਰਹੇ ਹਨ, ਜੋ ਕਿ ਗ਼ਲਤ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸਾਡੇ ਤਲਾਕ ਨਹੀਂ ਹੋ ਜਾਂਦਾ ਉਦੋਂ ਤਕ ਅਸੀਂ ਕਿਸੇ ਦੂਜੇ ਮਰਦ ਜਾਂ ਔਰਤ ਨਾਲ ਨਹੀਂ ਰਹਿ ਸਕਦੇ ਇਹ ਸਾਡੇ ਦੇਸ਼ ਵਿਚ ਕਾਨੂੰਨ ਬਣਿਆ ਹੋਇਆ ਹੈ ਪਰ ਲੋਕ ਫਿਰ ਰਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਕਈ ਔਰਤਾਂ ਘਰ ਦਾ ਕੰਮ ਕਰਦੀਆਂ ਹਨ ਤੇ ਉਨ੍ਹਾਂ ਦੇ ਮਰਦ ਕਮਾ ਕੇ ਘਰ ਦਾ ਖ਼ਰਚਾ ਚਲਾਉਂਦੇ ਹਨ, ਪਰ ਜੇ ਮਰਦ ਬੱਚੇ ਪੈਦਾ ਕਰ ਕੇ ਔਰਤ ਨੂੰ ਕਹੇ ਕਿ ਮੈਂ ਤਾਂ ਕਿਸੇ ਹੋਰ ਨਾਲ ਰਹਿਣਾ ਹੈ ਤਾਂ ਫਿਰ ਉਹ ਔਰਤ ਘਰ ਦਾ ਖ਼ਰਚਾ ਚਲਾਏਗੀ ਜਾਂ ਫਿਰ ਬੱਚਿਆਂ ਨੂੰ ਪੜ੍ਹਾਏਗੀ ਕਿਸ ਤਰ੍ਹਾਂ? ਇਸ ਕਾਰਨ ਕਈ ਔਰਤਾਂ ਆਪਣਾ ਘਰ ਚਲਾਉਣ ਲਈ ਗ਼ਲਤ ਰਸਤਾ ਅਪਣਾਉਂਦੀਆਂ ਹਨ ਜਿਵੇਂ ਦੂਜੇ ਮਰਦ ਨਾਲ ਰਹਿਣਾ, ਨਸ਼ਾ ਵੇਚਣਾ ਜਾਂ ਫਿਰ ਕੋਈ ਹੋਰ ਗ਼ਲਤ ਕੰਮ ਕਰ ਕੇ ਉਹ ਆਪਣੀ ਬੱਚਿਆਂ ਨੂੰ ਪਾਲਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਜੋ ਤਾਣਾ ਬਾਣਾ ਖ਼ਰਾਬ ਹੋ ਰਿਹਾ ਹੈ ਉਸ ਦਾ ਵੱਡਾ ਕਾਰਨ ਰਿਲੇਸ਼ਨਸ਼ਿਪ ਹੈ।
ਉਨ੍ਹਾਂ ਕਿਹਾ ਕਿ ਇਸ ’ਤੇ ਵੀ ਸਰਕਾਰ ਨੂੰ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੇਸਾਂ ’ਤੇ ਲਗਾਮ ਲਗਾਉਣ ਲਈ ਮੈਂ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਤੇ ਵਿਧਾਇਕਾਂ ਨੂੰ ਲਿਖਤੀ ਚਿੱਠੀ ਦੇਵਾਂਗੀ ਤਾਂ ਜੋ ਪੰਜਾਬ ਦੇ ਵਿਗੜਦੇ ਹਾਲਾਤ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿਚ ਪਹਿਲਾਂ ਔਰਤਾਂ ਜਾਂ ਫਿਰ ਕੁੜੀਆਂ ਪੂਰੇ ਕਪੜੇ ਪਾਉਂਦੀਆਂ ਸਨ ਪਰ ਹੁਣ ਕਈ ਔਰਤਾਂ ਤੇ ਕੁੜੀਆਂ ਜੋ ਕਪੜੇ ਪਾਉਂਦੀਆਂ ਹਨ ਉਹ ਨਾਂਹ ਦੇ ਬਰਾਬਰ ਹੁੰਦੇ ਹਨ ਤੇ ਫਿਰ ਔਰਤਾਂ ਜਾਂ ਫਿਰ ਕੁੜੀਆਂ ਕਹਿੰਦੀਆਂ ਹਨ ਕਿ ਮਰਦ ਸਾਨੂੰ ਗੰਦੀ ਨਿਗ੍ਹਾ ਨਾਲ ਦੇਖਦੇ ਹਨ।
ਉਨ੍ਹਾਂ ਕਿਹਾ ਕਿ ਔਰਤਾਂ ਤੇ ਕੁੜੀਆਂ ਨੂੰ ਸੰਸਕਾਰੀ ਹੋਣਾ ਚਾਹੀਦਾ ਹੈ ਤੇ ਪੂਰੇ ਕਪੜੇ ਪਾਉਣੇ ਚਾਹੀਦੇ ਹਨ ਤਾਂ ਜੋ ਮਰਦ ਉਨ੍ਹਾਂ ਨੂੰ ਗ਼ਲਤ ਨਜ਼ਰਾਂ ਨਾਲ ਨਾ ਦੇਖਣ।ਉਨ੍ਹਾਂ ਕਿਹਾ ਕਿ ਅੱਜਕਲ ਜੇ ਕਿਸੇ ਨਾਲ ਦੋਸਤੀ ਵੀ ਕਰਨੀ ਹੈ ਤਾਂ ਕੁੜੀਆਂ ਪਹਿਲਾਂ ਦੇਖਦੀਆਂ ਹਨ ਕਿ ਮੁੰਡਾ ਪੈਸੇ ਵਾਲਾ ਹੈ ਜਾਂ ਨਹੀਂ ਤੇ ਜੇ ਕਿਸੇ ਮੁੰਡੇ ਕੁੜਾ ਦਾ ਵਿਆਹ ਵੀ ਕਰਨਾ ਹੈ ਤਾਂ ਮਾਪੇ ਵੀ ਪਹਿਲਾਂ ਇਹ ਹੀ ਪੁੱਛਦੇ ਹਨ ਕਿ ਮੁੰਡੇ ਨੂੰ ਕੋਲ ਕਿੰਨੀ ਪ੍ਰਾਪਰਟੀ ਹੈ ਚਾਹੇ ਉਹ ਨਸ਼ੇੜੀ ਹੀ ਹੋਵੇ, ਕੋਈ ਕੰਮ ਕਰਦਾ ਹੋਵੇ ਜਾਂ ਨਹੀਂ।
ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਟਾਈਮ ਵਿਚ ਸਾਡੇ ਮਾਪੇ ਮੁੰਡੇ ਦਾ ਖ਼ਾਨਦਾਨ, ਕੰਮ ਤੇ ਸੁਭਾਅ ਦੇਖ ਕੇ ਹੀ ਵਿਆਹ ਕਰਦੇ ਸੀ ਹੁਣ ਤਾਂ ਲੋਕਾਂ ਲਈ ਪੈਸਾ ਹੀ ਸਭ ਕੁਝ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਕੁੜੀਆਂ ਪੰਜਾਬ ਵਿਚ ਵਿਆਹ ਕਰਵਾਉਂਦੀਆਂ ਹਨ ਤੇ ਕਹਿੰਦੀਆਂ ਹਨ ਕਿ ਮੁੰਡੇ ਵਾਲੇ ਪੂਰਾ ਖ਼ਰਚਾ ਕਰ ਕੇ ਮੈਨੂੰ ਬਾਹਰ ਭੇਜਣ ਤੇ ਬਾਅਦ ਵਿਚ ਮੈਂ ਮੁੰਡੇ ਨੂੰ ਬੁਲਾ ਲਵਾਂਗੀ ਪਰ ਉਥੇ ਜਾ ਕੇ ਉਹ ਦੂਜੇ ਮਰਦ ਲੱਭ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕੁੜੀਆਂ ਵੀ ਬਾਹਰਲੇ ਮੁਲਕਾਂ ਵਿਚ ਕਢੀਆਂ ਜਾਣੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਰਿਸ਼ਤੇ ਕੁੜੀਆਂ ਦੇ ਮਾਪਿਆਂ ਕਰ ਕੇ ਟੁੱਟਦੇ ਹਨ ਜੋ ਕੁੜੀਆਂ ਦਾ ਵਿਆਹ ਤਾਂ ਕਰ ਦਿੰਦੇ ਹਨ ਪਰ ਉਨ੍ਹਾਂ ਦੀ ਨਿਜੀ ਜ਼ਿੰਦਗੀ ਵਿਚ ਦਖ਼ਲ ਦੇਣ ਤੋਂ ਨਹੀਂ ਹਟਦੇ। ਉਨ੍ਹਾਂ ਕਿਹਾ ਕਿ ਅੱਜਕਲ ਦੇ ਮੁੰਡੇ-ਕੁੜੀਆਂ ਵਿਚ ਸਹਿਣਸ਼ੀਲਤਾ ਨਹੀਂ ਰਹੀ ਤੇ ਇਕ ਦੂਜੇ ’ਤੇ ਸ਼ੱਕ ਕਰਦੇ ਹਨ ਜਿਸ ਕਰ ਕੇ ਵੀ ਰਿਸ਼ਤੇ ਟੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਰਿਸ਼ਤਿਆਂ ਦਾ ਬੇੜਾ ਗਰਕ ਮੋਬਾਈਲ ਫ਼ੋਨਾਂ ਨੇ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਵਿਚ ਪਿਆਰ ਤੇ ਵਿਸ਼ਵਾਸ ਹੁੰਦਾ ਸੀ
ਜਿਸ ਕਰ ਕੇ ਰਿਸ਼ਤੇ ਲੰਮੇ ਸਮੇਂ ਨਿਭ ਜਾਂਦੇ ਸਨ, ਪਰ ਹੁਣ ਲੋਕਾਂ ਨੂੰ ਇਕ ਦੂਜੇ ਨਾਲ ਪਿਆਰ ਜਾਂ ਵਿਸ਼ਵਾਸ ਨਹੀਂ ਰਿਹਾ ਸਿਰਫ਼ ਉਨ੍ਹਾਂ ਲਈ ਪੈਸਾ ਹੀ ਸਭ ਕੁਝ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਜੰਗਲ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਆਪਣੇ ਸਮਾਜ, ਘਰ, ਪਰਿਵਾਰ ਜਾਂ ਫਿਰ ਬੱਚਿਆਂ ਨੂੰ ਬਚਾਉਣਾ ਹੈ ਤਾਂ ਸਾਨੂੰ ਆਪਣਾ ਪਹਿਰਾਵਾ ਬਦਲਣਾ ਪਵੇਗਾ ਤੇ ਆਪਣਾ ਸਭਿਆਚਾਰ ਤੇ ਸੰਸਕਾਰਾਂ ਨੂੰ ਅਪਣਾਉਣਾ ਪਵੇਗਾ ਤਾਂ ਹੀ ਅਸੀਂ ਆਪਣੇ ਰਿਸ਼ਤੇ ਨਿਭਾ ਸਕਦੇ ਹਾਂ ਤੇ ਇਕ ਚੰਗਾ ਪੰਜਾਬ ਸਿਰਜ ਸਕਦੇ ਹਾਂ।