
Punjab Cabinet Meeting: ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਦਾ ਵੀ ਮੁੱਖ ਮੰਤਰੀ ਲੈਣਗੇ ਜਾਇਜ਼ਾ
ਚੰਡੀਗੜ੍ਹ (ਭੁੱਲਰ) : ਪੰਜਾਬ ਕੈਬਨਿਟ ਦੀ ਇਕ ਅਹਿਮ ਮੀਟਿੰਗ 3 ਮਾਰਚ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਹੋ ਰਹੀ ਹੈ। ਭਾਵੇਂ ਇਸ ਮੀਟਿੰਗ ਦਾ ਏਜੰਡਾ ਮੌਕੇ ੳਪੁਰ ਹੀ ਜਾਰੀ ਕੀਤਾ ਜਾਵੇਗਾ ਪਰ ਮਿਲੀ ਜਾਣਕਾਰੀ ਅਨੁਸਾਰ ਇਸ ’ਚ ਆਉਣ ਵਾਲੇ ਬਜਟ ਸੈਸ਼ਨ ਦੀਆਂ ਤਰੀਕਾਂ ਬਾਰੇ ਵਿਚਾਰ ਹੋ ਸਕਦਾ ਹੈ।
ਇਹ ਸੈਸ਼ਨ ਮਾਰਚ ਦੇ ਅੰਤ ’ਚ ਸੱਦਿਆ ਜਾ ਸਕਦਾ ਹੈ ਕਿਉਂਕਿ ਮੈਂਬਰਾਂ ਨੂੰ ਅਪਣੇ ਸਵਾਲ ਤੇ ਹੋਰ ਮਤੇ ਆਦਿ ਦੇਣ ਲਈ 15 ਦਿਨ ਦਾ ਸਮਾਂ ਦੇਣ ਜ਼ਰੂਰੀ ਹੈ। ਪਿਛਲੇ ਦਿਨੀ ਹੋਏ ਦੋ ਦਿਨ ਦੇ ਵਿਸ਼ੇਸ਼ ਸੈਸ਼ਨ ਦੇ ਉਠਾਣ ਸਬੰਧੀ ਬੀਤੇ ਦਿਨ ਸਰਕਾਰ ਕਾਰਵਾਈ ਕਰ ਕੇ ਰਾਜਪਾਲ ਨੂੰ ਰਾਜਪਾਲ ਨੂੰ ਪੱਤਰ ਭੇਜ ਚੁੱਕੀ ਹੈ, ਜੋ ਨਵਾਂ ਸੈਸ਼ਨ ਬੁਲਾਉਣ ਲਈ ਜ਼ਰੂਰੀ ਹੈ।
ਮੰਤਰੀ ਮੰਡਲ ਦੀ ਇਸ ਮੀਟਿੰਗ ’ਚ ਜੰਗੀ ਪੱਧਰ ’ਤੇ ਚੱਲ ਰਹੀ ਨਸ਼ਾ ਵਿਰੋਧੀ ਮਹਿੰਮ ਦਾ ਜਾਇਜ਼ਾ ਲੈ ਕੇ ਇਸ ਦੀ ਕਾਰਵਾਈ ’ਚ ਹੋਰ ਤੇਜ਼ੀ ਲਿਆਉਣ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਕਿਸਾਨਾਂ ਦੀ ਸੂਬਾ ਸਰਕਾਰ ਨਾਲ ਸਬੰਧਤ ਮੰਗਾਂ ਬਾਰੇ ਵੀ ਮੀਟਿੰਗ ’ਚ ਚਰਚਾ ਹੋਵੇਗੀ।
ਕਿਉਂਕਿ ਇਸੇ ਦਿਨ ਸ਼ਾਮ ਨੂੰ ਕਿਸਾਨ ਜਥੇਬੰਦੀਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਵੀ ਹੋਣੀ ਹੈ। ਸੰਯੁਕਤ ਕਿਸਾਨ ਮੋਰਚੇ ਨੇ 4 ਮਾਰਚ ਨੂੰ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਲ ਕੂਚ ਕਰ ਕੇ ਮੋਰਚਾ ਲਾਉਣ ਦਾ ਐਲਾਨ ਕੀਤਾ ਹੋਇਆ ਹੈ।