
ਜਾਣੋ ਕੀ ਹੈ ਪੂਰਾ ਮਾਮਲਾ
ਜ਼ੀਰਕਪੁਰ: ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ ਵਿਚ ਪੰਜਾਬ ਪੁਲਿਸ ਮੁਸਤੈਦ ਹੋ ਚੁੱਕੀ ਹੈ, ਜਿਸ ਦੌਰਾਨ ਅੱਜ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਅੱਜ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ‘ਤੇ ਜ਼ੀਰਕਪੁਰ ਕੋਲ 54 ਲੱਖ 90 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ। ਡੀ.ਐਸ.ਪੀ. ਸਰਕਲ ਸਬ ਡਵੀਜ਼ਨ ਡੇਰਾਬਸੀ ਸ੍ਰੀ ਸਿਮਰਨਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ....
Arrested
.....ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਹਰਚਰਨ ਸਿੰਘ ਭੁੱਲਰ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਮੁੱਖ ਅਫਸਰ ਥਾਣਾ ਜ਼ੀਰਕਪੁਰ ਇੰਸਪੈਕਟਰ ਗੁਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਅੰਬਾਲਾ–ਚੰਡੀਗੜ੍ਹ ਹਾਈਵੇ ਜ਼ੀਰਕਪੁਰ ਨੇੜੇ ਮੈਕ ਡੀ ਕੋਲ ਨਾਕਾਬੰਦੀ ਕਰ ਕੇ ਇਕ ਪ੍ਰਾਈਵੇਟ ਬੱਸ (ਯੂ.ਪੀ.-70 ਜੀਟੀ-7000), ਜਿਸ 'ਤੇ ਟਿਪੂ ਲਿਖਿਆ ਹੋਇਆ ਸੀ, ਨੂੰ ਰੋਕਿਆ। ਬੱਸ ਦੀ ਪਿਛਲੀ ਡਿੱਗੀ ਚੈੱਕ ਕਰਨ ਉਤੇ ਟੂਲ ਬਾਕਸ ਵਿਚੋਂ ਥੈਲਾ ਮਿਲਿਆ, ਜਿਸ ਵਿਚੋਂ ਕੁੱਲ 54 ਲੱਖ 90 ਹਜ਼ਾਰ 530 ਰੁਪਏ ਦੀ ਨਗਦੀ ਬਰਾਮਦ ਹੋਈ।
ਡੀ.ਐਸ.ਪੀ. ਦੱਸਿਆ ਕਿ ਜਦੋਂ ਇਸ ਸਬੰਧੀ ਬੱਸ ਦੇ ਡਰਾਈਵਰ ਸਵਰਨ ਸਿੰਘ (46) ਵਾਸੀ ਪਿੰਡ ਤੇ ਥਾਣਾ ਬੜੀ ਬ੍ਰਾਹਮਣਾ ਜ਼ਿਲ੍ਹਾ ਜੰਮੂ ਤੋਂ ਪੁੱਛ-ਪੜਤਾਲ ਕੀਤੀ ਤਾਂ ਉਹ ਨਗਦੀ ਬਾਰੇ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ ਅਤੇ ਨਾ ਹੀ ਕੋਈ ਤਸੱਲੀਬਖਸ਼ ਜਵਾਬ ਦੇ ਸਕਿਆ। ਮੁਲਜ਼ਮ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਸ ਨੇ ਇਹ ਨਗਦੀ ਹੁਸ਼ਿਆਰਪੁਰ ਜਾ ਕੇ ਨਰੇਸ਼ ਕੁਮਾਰ ਦੇ ਨਾਮ ਦੇ ਵਿਅਕਤੀ ਨੂੰ ਦੇਣੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਸ.ਡੀ.ਐਮ. ਡੇਰਾਬੱਸੀ ਅਤੇ ਆਮਦਨ ਕਰ ਵਿਭਾਗ ਦੇ ਅਫਸਰਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਜਾਰੀ ਹੈ ਇਸ ਮਾਮਲੇ ਸਬੰਧੀ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।