
ਸਰਕਾਰ ਵੱਲੋਂ ਕੀਤੀ ਇਹ ਇੱਕ ਚੰਗੀ ਪਹਿਲ
ਚੰਡੀਗੜ੍ਹ - ਬੀਤੇ ਦਿਨੀਂ ਪੰਜਾਬ ਸਰਕਾਰ ਨੇ ਸੂਬੇ ਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਸਾਰੇ ਸਕੂਲਾਂ ਨੇੜੇ ਰਫ਼ਤਾਰ ਦੀ ਉਪਰਲੀ ਹੱਦ 25 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਤ ਕੀਤੀ ਸੀ ਤੇ ਜਿਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਸਕੂਲਾਂ ਨੇੜੇ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ।
ਇਸ ਤੋਂ ਬਾਅਦ ਸਰਕਾਰ ਦੇ ਇਸ ਫ਼ੈਸਲੇ ਦਾ ਕਾਫ਼ੀ ਲਾਡਰਾਂ ਨੇ ਸੁਆਗਤ ਕੀਤਾ ਸੀ ਜਿਸ ਵਿਚ ਸਾਬਕਾ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੀ ਮੌਜੂਦ ਹਨ। ਸਰਕਾਰ ਦੇ ਫ਼ੈਸਲੇ ਦਾ ਹਰਭਜਨ ਸਿੰਘ ਨੇ ਵੀ ਟਵੀਟ ਕੀਤਾ ਹੈ। ਹਰਭਜਨ ਸਿੰਘ ਨੇ ਟਵੀਟ ਕਰ ਕੇ ਲਿਖਿਆ ਕਿ ''ਸਕੂਲਾਂ ਅਤੇ ਵਿੱਦਿਅਕ ਸੰਸਥਾਵਾਂ ਦੇ ਆਲੇ-ਦੁਆਲੇ 100 ਮੀਟਰ ਦੇ ਅੰਦਰ ਦੇ ਖੇਤਰਾਂ ਲਈ 25 ਕਿਲੋਮੀਟਰ/ਘੰਟਾ ਜਾਂ ਇਸ ਤੋਂ ਘੱਟ ਦੀ ਗਤੀ ਢੁਕਵੀਂ ਹੈ। ਬੱਚਿਆਂ ਦੀ ਸੁਰੱਖਿਆ ਲਈ ਯਕੀਨੀ ਤੌਰ 'ਤੇ ਇਹ ਇੱਕ ਚੰਗੀ ਪਹਿਲ ਹੈ।''
ਦੱਸ ਦਈਏ ਕਿ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਸੀ ਕਿ ਸੂਬੇ ਵਿਚ ਸੜਕ ਹਾਦਸਿਆਂ ਦੌਰਾਨ ਪ੍ਰਤੀ ਦਿਨ 10 ਤੋਂ 12 ਮੌਤਾਂ ਹੋ ਰਹੀਆਂ ਹਨ ਜੋ ਦੇਸ਼ ਵਿਚ ਪ੍ਰਤੀ ਦਿਨ ਹੋ ਰਹੀਆਂ 8 ਤੋਂ 9 ਮੌਤਾਂ ਨਾਲੋਂ ਵੱਧ ਹਨ। ਇਸ ਦੇ ਮੱਦੇਨਜ਼ਰ ਸਰਕਾਰ ਨੇ ਸੂਬੇ ਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਸਾਰੇ ਸਕੂਲਾਂ ਨੇੜੇ ਰਫ਼ਤਰ ਦੀ ਉਪਰਲੀ ਹੱਦ 25 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਤ ਕੀਤੀ ਹੈ ਤੇ ਇਸ ਦੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ ਜਿਸ ਦੀ ਪਾਲਣਾ ਕਰਨੀ ਲਾਜ਼ਮੀ ਹੈ।