
ਜਿਥੇ ਪਿਛਲੇ 2-3 ਦਿਨਾਂ ਦੌਰਾਨ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਪਾਜ਼ੇਟਿਵ ਮਾਮਲੇ ਆਉਣ ਤੋਂ ਬਾਅਦ ਇਕ ਦਮ ਕੋਰੋਨਾ ਪੀੜਤਾਂ ਦੀ ਗਿਣਤੀ ਦਾ
ਚੰਡੀਗੜ੍ਹ, 2 ਮਈ (ਗੁਰਉਪਦੇਸ਼ ਭੁੱਲਰ) : ਜਿਥੇ ਪਿਛਲੇ 2-3 ਦਿਨਾਂ ਦੌਰਾਨ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਪਾਜ਼ੇਟਿਵ ਮਾਮਲੇ ਆਉਣ ਤੋਂ ਬਾਅਦ ਇਕ ਦਮ ਕੋਰੋਨਾ ਪੀੜਤਾਂ ਦੀ ਗਿਣਤੀ ਦਾ ਅੰਕੜਾ ਤੇਜ਼ੀ ਨਾਲ ਵਧਿਆ ਹੈ, ਉਥੇ ਅੱਜ ਰਾਜਸਥਾਨ 'ਚੋਂ ਪਰਤੇ 3000 ਦੇ ਕਰੀਬ ਮਜ਼ਦੂਰਾਂ ਦੇ ਸੈਂਪਲਾਂ ਦੀਆਂ ਆਈਆਂ ਪਹਿਲੀਆਂ ਰੀਪੋਰਟਾਂ 'ਚ 6 ਮਜ਼ਦੂਰਾਂ ਦੇ ਪਾਜ਼ੇਟਿਵ ਹੋਣ ਤੋਂ ਬਾਅਦ ਖ਼ਤਰਾ ਹੋਰ ਵਧ ਗਿਆ ਹੈ। ਹੁਣ ਤਕ 3525 ਵਾਪਸ ਪਰਤੇ ਸ਼ਰਧਾਲੂਆਂ 'ਚੋਂ 300 ਤੋਂ ਵੱਧ ਸੈਂਪਲਾਂ ਦੀਆਂ ਰੀਪੋਰਟਾਂ ਪਾਜ਼ੇਟਿਵ ਆ ਗਈਆਂ ਹਨ।
ਹਾਲੇ ਸ਼ਰਧਾਲੂਆਂ ਤੇ ਮਜ਼ਦੂਰਾਂ ਦੇ ਹਜ਼ਾਰਾਂ ਸੈਂਪਲਾਂ ਦੀਆਂ ਰੀਪੋਰਟਾਂ ਆਉਣੀਆਂ ਬਾਕੀ ਹਨ। ਇਹ ਵੀ ਜ਼ਿਕਰਯੋਗ ਹੈ ਕਿ ਅੱਜ 4 ਆਸ਼ਾ ਵਰਕਰਾਂ ਦੀਆਂ ਰੀਪੋਰਟਾਂ ਵੀ ਪਾਜ਼ੇਟਿਵ ਆਈਆਂ ਹਨ ਜਦਕਿ ਹਜ਼ਾਰਾਂ ਆਸ਼ਾ ਵਰਕਰ ਸੂਬੇ ਵਿਚ ਕੋਰੋਨਾ ਵਿਰੋਧੀ ਮੁਹਿੰਮ ਵਿਚ ਘਰਾਂ ਦੇ ਸਰਵੇ ਆਦਿ ਦੇ ਕੰਮ ਕਰ ਰਹੀਆਂ ਹਨ। ਇਕ ਕੰਬਾਇਨ ਅਪਰੇਟਰ ਦੀ ਰੀਪੋਰਟ ਵੀ ਪਾਜ਼ੇਟਿਵ ਆਈ ਹੈ ਜਿਸ ਤੋਂ ਬਾਅਦ ਉਸ ਦੇ ਕਾਰੋਬਾਰੀ ਅਤੇ ਕਿਸਾਨ ਸੰਪਰਕਾਂ ਨੂੰ ਵੀ ਕੋਰੋਨਾ ਦਾ ਖ਼ਤਰਾ ਪੈਦਾ ਹੋ ਗਿਆ ਹੈ। ਹੁਣ ਤਕ ਸੂਬੇ ਭਰ ਵਿਚ 24868 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ
ਜਿਨ੍ਹਾਂ 'ਚੋਂ 19316 ਦੀ ਰੀਪੋਰਟ ਨੈਗੇਟਿਵ ਹੈ। ਇਸ ਸਮੇਂ 4780 ਸੈਂਪਲਾਂ ਦੀਆਂ ਰੀਪੋਰਟਾਂ ਆਉਣੀਆਂ ਹਨ ਜਿਨ੍ਹਾਂ 'ਚੋਂ ਜ਼ਿਆਦਾ ਹਾਲ 'ਚ ਹੀ ਬਾਹਰੋਂ ਪਰਤੇ ਸ਼ਰਧਾਲੂ, ਮਜ਼ਦੂਰ ਅਤੇ ਵਿਦਿਆਰਥੀ ਆਦਿ ਹੀ ਸ਼ਾਮਲ ਹਨ। 2 ਮਰੀਜ਼ ਇਸ ਸਮੇਂ ਵੈਂਟੀਲੇਟਰ 'ਤੇ ਮੌਤ ਨਾਲ ਲੜਾਈ ਲੜ ਰਹੇ ਹਨ ਜਦਕਿ 20 ਮੌਤਾਂ ਹੋ ਚੁੱਕੀਆਂ ਹਨ।
ਰਿਕਵਰੀ ਰੇਟ ਘੱਟ ਹੈ ਤੇ ਸਿਰਫ਼ 112 ਮਰੀਜ਼ ਠੀਕ ਹੋਏ ਹਨ ਜਦਕਿ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 800 ਦੇ ਨੇੜੇ ਪਹੁੰਚ ਚੁੱਕੀ ਹੈ।
ਦੇਰ ਸ਼ਾਮ ਇਹ ਗਿਣਤੀ ਸਰਕਾਰੀ ਤੌਰ 'ਤੇ ਅਧਿਕਾਰਤ ਅੰਕੜਿਆਂ ਮੁਤਾਬਕ 722 ਸੀ ਪਰ ਬਾਅਦ ਵਿਚ ਲਾਗਾਤਾਰ ਸੈਂਪਲਾਂ ਦੀਆਂ ਹੋਰ ਰੀਪੋਰਟਾਂ ਰਾਤ ਤਕ ਆ ਰਹੀਆਂ ਹਨ ਜਿਸ ਨਾਲ ਅੰਕੜਾ 900 ਤੋਂ ਵੀ ਪਾਰ ਹੋਣ ਦਾ ਅਨੁਮਾਨ ਹੈ।
File photo
ਹੁਸ਼ਿਆਰਪੁਰ 'ਚ ਵੀ 33 ਹੋਰ ਨਵੇਂ ਕੇਸ ਆਏ
ਹੁਸ਼ਿਆਰਪੁਰ, 2 ਮਈ (ਪ.ਪ.) : ਪੰਜਾਬ 'ਚ ਹੁਣ ਕੋਈ ਵੀ ਜ਼ਿਲ੍ਹਾ ਕੋਰੋਨਾ ਤੋਂ ਬਚਿਆ ਨਹੀਂ ਹੈ। ਸਾਰੇ ਦੇ ਸਾਰੇ ਜ਼ਿਲ੍ਹੇ ਇਸ ਦੀ ਲਪੇਟ 'ਚ ਆ ਚੁੱਕੇ ਹਨ। ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਤੋਂ ਪਰਤੇ ਵੱਡੀ ਗਿਣਤੀ ਸ਼ਰਧਾਲੂਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪੰਜਾਬ 'ਚ ਕੋਰੋਨਾ ਪਾਜ਼ੇਟਿਵ ਕੇਸਾਂ 'ਚ ਇਜ਼ਾਫ਼ਾ ਹੋਇਆ ਹੈ। ਸ਼ਨਿਚਰਵਾਰ ਨੂੰ ਫਿਰ ਹੁਸ਼ਿਆਰਪੁਰ 'ਚ 33 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਗਏ। ਇਹ ਵੀ ਸਾਰੇ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਹੁਣ ਹੁਸ਼ਿਆਰਪੁਰ 'ਚ ਕੁੱਲ ਮਾਮਲੇ 45 ਹੋ ਗਏ ਹਨ।
ਕੋਵਿਡ-19 ਦੇ ਚਲਦੇ ਦੇਸ਼ ਭਰ 'ਚ ਚੱਲ ਰਹੇ ਲੌਕਡਾਊਨ ਕਾਰਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਬੁਧਵਾਰ ਦੇਰ ਰਾਤ ਵਾਪਸ ਲਿਆਂਦੇ ਗਏ ਜ਼ਿਲ੍ਹੇ ਦੇ 157 ਸ਼ਰਧਾਲੂਆਂ ਨੂੰ ਇਕਾਂਤਵਾਸ 'ਚ ਰੱਖ ਕੇ ਉਨ੍ਹਾਂ ਦੇ ਸੈਂਪਲ ਲੈ ਕੇ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਭੇਜ ਦਿਤੇ ਗਏ ਹਨ। ਸ਼ਨਿਚਰਵਾਰ ਨੂੰ ਆਈ ਰੀਪੋਰਟ 'ਚ 33 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ 'ਚ ਇਕ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤੇ ਪੰਜ ਵਿਅਕਤੀ ਠੀਕ ਹੋ ਕੇ ਘਰ ਜਾ ਚੁੱਕੇ ਹਨ।
ਗੁਰਦਾਸਪੁਰ ਜ਼ਿਲ੍ਹੇ 'ਚ 24 ਦੇ ਟੈਸਟ ਪਾਜ਼ੇਟਿਵ ਆਏ
ਗੁਰਦਾਸਪੁਰ,2 ਮਈ (ਅਨਮੋਲ) :-ਗੁਰਦਾਸਪੁਰ ਜ਼ਿਲ੍ਹੇ ਵਿਚ 24 ਕੋਰੋਨਾ ਵਾਇਰਸ ਦੇ ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਦਸਿਆ ਜਾ ਰਿਹਾ ਹੈ 29 ਅਪ੍ਰੈਲ ਨੂੰ 72 ਲੋਕਾਂ ਦੇ ਨਮੂਨੇ ਲਏ ਸੀ, ਜਿਨ੍ਹਾਂ ਵਿਚੋਂ ਅੱਜ 24 ਦੇ ਟੈਸਟ ਪਾਜ਼ੇਟਿਵ ਆਏ ਹਨ।ਜਦੋਂ ਕਿ 12 ਦੀਆਂ ਰੀਪੋਰਟਾਂ ਆਉਣੀਆਂ ਬਾਕੀ ਹਨ। ਇਸ ਤੋਂ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਵਿਚ ਕੋਰੋਨੇ ਦੇ 3 ਕੇਸ ਸਨ।
ਸ੍ਰੀ ਮੁਕਤਸਰ ਸਾਹਿਬ 'ਚ ਤਿੰਨ ਹੋਰ ਟੈਸਟ ਪਾਜ਼ੇਟਿਵ
ਸ੍ਰੀ ਮੁਕਤਸਰ ਸਾਹਿਬ/ਦੋਦਾ, 2 ਮਈ (ਰਣਜੀਤ ਸਿੰਘ/ਅਸ਼ੋਕ ਯਾਦਵ) : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦੀ ਥਾਂ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਸਬੇ ਦੋਦਾ ਵਿਖੇ ਤਿੰਨ ਵਿਅਕਤੀਆਂ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਸਮੁੱਚੇ ਇਲਾਕੇ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਦਿੰਦਿਆਂ ਐਸ.ਐਮ.ਓ ਦੋਦਾ, ਰਮੇਸ਼ ਕੁਮਾਰੀ ਨੇ ਦਸਿਆ ਕਿ ਦੋ ਵਿਅਕਤੀ ਮੁਢਲਾ ਸਿਹਤ ਕੇਂਦਰ ਦੇ ਮੁਲਾਜ਼ਮ ਹਨ, ਜਿਨ੍ਹਾਂ ਵਿਚੋਂ ਇਕ ਗੁਰਜਿੰਦਰ ਸਿੰਘ ਲੈਬ ਟੈਕਨੀਸ਼ੀਅਨ ਅਤੇ ਸੁਖਜੀਤ ਸਿੰਘ ਦਰਜਾਚਾਰ ਮੁਲਾਜਮ ਹੈ। ਜਦਕਿ ਤੀਜਾ ਵਿਅਕਤੀ ਸਤਨਾਮ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਦੋਦਾ ਜੋ ਕੰਬਾਇਨ ਦਾ ਡਰਾਈਵਰ ਹੈ ਅਤੇ ਰਾਜਸਥਾਨ ਵਿਚੋਂ ਆਇਆ ਹੈ। ਸਿਹਤ ਵਿਭਾਗ ਵਲੋਂ ਦਿਤੀ ਗਈ ਸੂਚਨਾ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਤਿੰਨ ਹੋਰ ਵਿਅਕਤੀਆਂ ਦੇ ਨਾਲ, ਕਮਿਊਨਿਟੀ ਹੈਲਥ ਸੈਂਟਰ ਦੋਦਾ ਵਿਚ ਇਕ ਲੈਬ ਟੈਕਨੀਸ਼ੀਅਨ, ਵਾਰਡ ਅਟੈਂਡੈਂਟ ਅਤੇ ਕਣਕ ਦੀ ਕਟਾਈ ਕਰਨ ਵਾਲੇ ਕੰਬਾਈਨ ਡਰਾਈਵਰ ਦੀ ਰੀਪੋਰਟ ਪਾਜ਼ੇਟਿਵ ਆਈ ਹੈ, ਜਿਸ ਨਾਲ ਜ਼ਿਲ੍ਹੇ ਵਿਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵਧ ਕੇ ਛੇ ਹੋ ਗਈ ਹੈ।
ਕਈ ਜ਼ਿਲ੍ਹਿਆਂ ਵਿਚ ਅੰਕੜਾ 100 ਤੋਂ ਪਾਰ ਹੋਇਆ
ਇਸ ਸਮੇਂ ਸੱਭ ਤੋਂ ਵੱਧ ਕੇਸਾਂ ਵਾਲੇ ਜ਼ਿਲ੍ਹਿਆਂ ਵਿਚ ਦੇਰ ਸ਼ਾਮ ਤੱਕ ਅੰਮ੍ਰਿਤਸਰ ਵਿਚ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 194, ਜਲੰਧਰ ਦੀ 119, ਲੁਧਿਆਣਾ ਦੀ 94, ਮੋਹਾਲੀ ਦੀ 93, ਪਟਿਆਲਾ ਦੀ 89, ਹੁਸ਼ਿਆਰਪੁਰ ਦੀ 42, ਮੋਗਾ ਦੀ 28, ਫ਼ਿਰੋਜ਼ਪੁਰ ਦੀ 27, ਪਠਾਨਕੋਟ ਦੀ 25, ਤਰਨਤਾਰਨ ਦੀ 14, ਮਾਨਸਾ ਤੇ ਕਪੂਰਥਲਾ 13 ਅਤੇ ਫ਼ਤਿਹਗੜ੍ਹ ਸਾਹਿਬ ਦੀ 12 ਹੈ।
ਖੰਨਾ 'ਚ ਤਿੰਨ ਕੋਰੋਨਾ ਪਾਜ਼ੇਟਿਵ ਆਏ
ਖੰਨਾ, 2 ਅਪ੍ਰੈਲ (ਏ.ਐਸ.ਖੰਨਾ) : ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਵੀ ਹੁਣ ਕਰੋਨਾ ਦਾ ਹੋਟਸਪੋਟ ਬਣ ਚੁਕਾ ਹੈ। ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ। ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਹਲਕੇ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ 9 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਖੰਨਾ ਵੀ ਪੂਰੀ ਤਰ੍ਹਾਂ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕਾ ਹੈ। ਜਾਣਕਾਰੀ ਅਨੁਸਾਰ ਖੰਨਾ ਜ਼ਿਲ੍ਹੇ 'ਚ ਤਿੰਨ ਵਿਅਕਤੀਆਂ ਦੀ ਕੋਰੋਨਾ ਪਾਜ਼ੇਟਿਵ ਰੀਪੋਰਟ ਹੋਣ ਦੀ ਪੁਸ਼ਟੀ ਹੋਈ ਹੈ,
ਜਿਨ੍ਹਾਂ ਵਿਚ ਇਕ ਔਰਤ ਅਤੇ ਇਕ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ, ਇਕ ਨੌਜਵਾਨ ਸ਼ਾਮਲ ਹੈ। ਇਨ੍ਹਾਂ ਨਵੇਂ ਸਾਹਮਣੇ ਆਏ ਮਾਮਲਿਆਂ ਵਿਚ 60 ਸਾਲਾ ਕੋਰੋਨਾ ਪਾਜ਼ੇਟਿਵ ਆਈ ਔਰਤ ਸਫ਼ਾਈ ਕਰਮਚਾਰੀ ਦੱਸੀ ਜਾਂਦੀ ਹੈ। ਜਦਕਿ ਪਿਛਲੇ ਦਿਨੀਂ ਖੰਨਾ ਪੁਲਿਸ ਨੇ ਇਲਾਕੇ ਵਿਚੋਂ ਇਕ ਸ਼ਰਾਬ ਦੀ ਚਲਦੀ ਨਾਜਾਇਜ਼ ਫ਼ੈਕਟਰੀ 'ਚੋਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਇਸ ਸਮੇਂ ਵੀ ਪੁਲਿਸ ਹਿਰਾਸਤ ਵਿਚ ਹੀ ਦਸਿਆ ਜਾ ਰਿਹਾ ਹੈ। ਉਸ ਦੀ ਰੀਪੋਰਟ ਵੀ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਭਾਜੜਾਂ ਪੈ ਗਈਆਂ ਹਨ। ਤੀਸਰਾ 35 ਸਾਲਾ ਨੌਜਵਾਨ ਜੋ ਕਿ ਖੰਨਾ ਦੇ ਹੀ ਨੇੜਲੇ ਪਿੰਡ ਭੁਮੱਦੀ ਦਾ ਰਹਿਣ ਵਾਲਾ ਹੈ।
ਮੋਗਾ 'ਚ 23 ਹੋਰ ਹੋਏ ਕੋਰੋਨਾ ਪੀੜਤ
ਮੋਗਾ, 2 ਮਈ (ਅਮਜਦ ਖ਼ਾਨ) : ਮੋਗਾ ਵਿਚ 4 ਆਸ਼ਾ ਵਰਕਰਾਂ, 17 ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਅਤੇ ਇਕ ਦੁਬਈ ਤੋਂ ਆਏ ਵਿਅਕਤੀ ਸਮੇਤ ਅੱਜ ਕੁਲ ਗਿਣਤੀ 22 ਹੋ ਗਈ ਹੈ ਜਦਕਿ ਗਲੋਟੀ ਪਿੰਡ ਦੇ ਵਸਨੀਕ ਦਰਸ਼ਨ ਸਿੰਘ ਦੀ ਰੀਪੋਰਟ ਪਾਜ਼ੇਟਿਵ ਆਈ ਸੀ ਜਿਸ ਨਾਲ ਹੁਣ ਤਕ ਆਈਆਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਮੋਗਾ ਜ਼ਿਲ੍ਹੇ 'ਚ ਕੁਲ 23 ਮਰੀਜ਼ ਹੋ ਗਏ ਹਨ। ਅੱਜ ਆਈਆਂ ਨਵੀਆਂ ਰੀਪੋਰਟਾਂ ਮੁਤਾਬਕ ਨਵੇਂ ਪਾਜ਼ੇਟਿਵ ਕੇਸਾਂ ਵਿਚ 4 ਆਸ਼ਾ ਵਰਕਰ ਹਨ ਜਦਕਿ ਬਾਕੀ ਦੇ ਲੋਕ ਹਾਲ ਹੀ ਵਿਚ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ।
ਇਨ੍ਹਾਂ ਵਿਚ ਇਕ ਵਿਅਕਤੀ ਕੁੱਝ ਸਮਾਂ ਪਹਿਲਾਂ ਦੁਬਈ ਤੋਂ ਭਾਰਤ ਪਰਤਿਆ ਸੀ। ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਦਸਿਆ ਕਿ ਪਾਜ਼ੇਟਿਵ ਕੇਸਾਂ ਵਾਲੇ ਲੋਕ ਪਹਿਲਾਂ ਹੀ ਇਕਾਂਤਵਾਸ ਕੀਤੇ ਹੋਏ ਹਨ ਤੇ ਬਾਕੀ ਸੈਂਪਲਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਜ਼ਿਲਾ ਮੋਗਾ 'ਚੋਂ ਕੁੱਲ 903 ਲੋਕਾਂ ਦੇ ਕੋਰੋਨਾਵਾਇਰਸ ਟੈਸਟ ਲੈਬ ਵਿਚ ਭੇਜੇ ਗਏ ਸਨ, ਜ੍ਹਿਨਾਂ 'ਚੋਂ 529 ਜਣਿਆਂ ਦੀ ਰੀਪੋਰਟ ਨੈਗੇਟਿਵ ਆਈ ਹੈ। ਇਸੇ ਤਰ੍ਹਾਂ 337 ਰੀਪੋਰਟਾਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ।
ਬਰਨਾਲਾ 'ਚ ਦੋ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
ਬਰਨਾਲਾ, 2 ਮਈ (ਗਰੇਵਾਲ) : ਸ੍ਰੀ ਹਜ਼ੂਰ ਸਾਹਿਬ ਤੋਂ ਬਰਨਾਲਾ ਵਿਖੇ ਵਾਪਸ ਆਏ ਸ਼ਰਧਾਲੂਆਂ ਵਿਚੋਂ 47 ਦੀ ਰੀਪੋਰਟ ਅੱਜ ਆ ਗਈ ਹੈ ਜਿਨ੍ਹਾਂ ਵਿਚੋਂ ਦੋ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਸ਼ਹਿਰ ਵਿਚ ਇਕ ਵਾਰ ਮੁੜ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਅਜੇ ਬਰਨਾਲਾ ਵਿਚੋਂ 150 ਵਿਅਕਤੀਆਂ ਦੀ ਰੀਪੋਰਟ ਆਉਣੀ ਬਾਕੀ ਹੈ। ਜ਼ਿਕਰਯੋਗ ਹੈ ਕਿ ਉਕਤ 47 ਵਿਅਕਤੀ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਏਕਾਂਤਵਾਸ ਵਿਚ ਰੱਖੇ ਗਏ ਸਨ।
ਮਾਨਸਾ 'ਚ ਵੀ ਤਿੰਨ ਕੋਰੋਨਾ ਪੀੜਤ ਆਏ
ਮਾਨਸਾ, 2 ਮਈ (ਪਪ) : ਮਾਨਸਾ ਜ਼ਿਲ•ੇ 'ਚ ਪਤੀ ਪਤਨੀ ਸਮੇਤ 3 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਤਿੰਨੇ ਨਾਂਦੇੜ ਸਾਹਿਬ ਤੋਂ ਆਏ ਸਨ। ਦਸਣਾ ਬਣਦਾ ਹੈ ਕਿ 2 ਦਿਨ ਪਹਿਲਾਂ 11 ਸਰਧਾਲੂਆਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ 'ਚੋ 9 ਦੀ ਰਿਪੋਰਟ ਨੈਗੇਟਿਵ ਆਈ ਹੈ। ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਪੁਸ਼ਟੀ ਕਰਦਿਆਂ ਦਸਿਆ ਕਿ ਹੁਣ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 12 ਹੋ ਗਈ ਹੈ।