
ਪੰਜਾਬ 'ਚ ਸ਼ਰਾਬ ਦੇ ਠੇਕੇ ਖੁਲ੍ਹਣ ਦਾ ਰਾਹ ਸਾਫ਼ ਹੋ ਗਿਆ ਹੈ।
ਚੰਡੀਗੜ੍ਹ, 2 ਮਈ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਸ਼ਰਾਬ ਦੇ ਠੇਕੇ ਖੁਲ੍ਹਣ ਦਾ ਰਾਹ ਸਾਫ਼ ਹੋ ਗਿਆ ਹੈ। ਇਹ ਰਾਹ ਕੇਂਦਰ ਵਲੋਂ 3 ਮਈ ਤੋਂ ਤਾਲਾਬੰਦੀ 'ਚ ਵਾਧੇ ਸਬੰਧੀ ਕੀਤੇ ਫ਼ੈਸਲੇ ਤੋਂ ਬਾਅਦ ਜਾਰੀ ਨਵੀਂਆਂ ਹਦਾਇਤਾਂ ਮਗਰੋਂ ਖੁਲ੍ਹਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅਗਲੇ ਹਫ਼ਤੇ ਵੀਰਵਾਰ ਨੂੰ ਸ਼ਰਾਬ ਦੇ ਠੇਕੇ ਕੇਂਦਰੀ ਹਦਾਇਤਾਂ ਤਹਿਤ ਵੱਖ-ਵੱਖ ਜ਼ੋਨਾਂ 'ਚ ਸਖ਼ਤ ਸ਼ਰਤਾਂ ਨਾਲ ਖੁਲ੍ਹ ਸਕਦੇ ਹਨ।
ਇਹ ਵੀ ਸੁਣਨ 'ਚ ਆਇਆ ਹੈ ਕਿ ਅੱਜ ਮੰਤਰੀ ਮੰਡਲ ਬੈਠਕ 'ਚ ਇਸ ਬਾਰੇ ਗ਼ੈਰ-ਰਸਮੀ ਵਿਚਾਰ ਵਟਾਂਦਰੇ 'ਚ ਲਗਭਗ ਸਹਿਮਤੀ ਬਣੀ ਹੈ ਭਾਵੇਂ ਕਿ ਹਾਲੇ ਫ਼ੈਸਲਾ ਨਹੀਂ ਲਿਆ ਗਿਆ। ਅਗਲੇ ਹਫ਼ਤੇ ਬੁਧਵਾਰ ਤਕ ਮੰਤਰੀਆਂ ਨਾਲ ਮੁੱਖ ਮੰਤਰੀ ਦੀ ਮੀਟਿੰਗ ਮੁੜ ਹੋ ਸਕਦੀ ਹੈ, ਜਿਸ 'ਚ ਇਸ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਕੇਂਦਰੀ ਹਦਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਠੇਕੇ ਖੋਲ੍ਹਣ ਲਈ ਤਿਆਰੀ ਸ਼ੁਰੂ ਕੀਤੀ ਹੋਈ ਹੈ। ਡਿਸਟਿਲਰੀਜ਼ ਨੂੰ ਵੀ ਪ੍ਰਬੰਧ ਕਰਨ ਦਾ ਇਸ਼ਾਰਾ ਹੋ ਚੁੱਕਾ ਹੈ।
ਸਰਕਾਰ ਮੁਤਾਬਕ ਇਸ ਨਾਲ ਜਿਥੇ ਨਾਜਾਇਜ਼ ਤੌਰ 'ਤੇ ਹੋ ਰਹੀ ਸ਼ਰਾਬ ਦੀ ਵਿਕਰੀ ਰੁਕੇਗੀ ਉਥੇ ਸਰਕਾਰ ਨੂੰ 700 ਕਰੋੜ ਰੁਪਏ ਦਾ ਵਿੱਤੀ ਲਾਭ ਵੀ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਠੇਕੇ ਖੋਲ੍ਹਣ ਦੇ ਪ੍ਰਸਤਾਵ ਨੂੰ ਕੇਂਦਰ ਨੇ ਰੱਦ ਕਰ ਦਿਤਾ ਸੀ ਪਰ ਹੁਣ ਤਾਲਾਬੰਦੀ 'ਚ ਵਾਧੇ ਤੋਂ ਬਾਅਦ ਨਵੀਂਆਂ ਹਦਾਇਤਾਂ ਦੀਆਂ ਛੋਟਾਂ ਤਹਿਤ ਸਰਕਾਰ ਲਈ ਠੇਕੇ ਖੋਲ੍ਹਣ ਦਾ ਰਾਹ ਖੁਲ੍ਹਿਆ ਹੈ।