
ਏ.ਐਸ.ਆਈ. ਨੇ ਬੋਨਟ ’ਤੇ ਚੜ੍ਹ ਕੇ ਬਚਾਈ ਜਾਨ
ਜਲੰਧਰ, 2 ਮਈ (ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ) : ਜਲੰਧਰ ਦੇ ਮਾਡਲ ਟਾਊਨ ਨੇੜੇ ਮਿਲਕ ਬਾਰ ਚੌਕ ’ਚ ਇਕ ਵਿਗੜੇ ਨੌਜਵਾਨ ਵਲੋਂ ਨਾਕੇ ’ਤੇ ਖੜ੍ਹੀ ਪੁਲਿਸ ’ਤੇ ਹੀ ਕਾਰ ਚੜ੍ਹਾ ਦਿਤੀ ਗਈ। ਮਿਲੀ ਜਾਣਕਾਰੀ ਮੁਤਾਬਕ ਤੇਜ਼ ਰਫ਼ਤਾਰ ’ਚ ਆ ਰਹੇ ਨੌਜਵਾਨ ਨੂੰ ਨਾਕੇ ’ਤੇ ਖੜ੍ਹੀ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ ’ਚ ਆਏ ਨੌਜਵਾਨ ਨੇ ਥਾਣਾ-6 ਦੇ ਏ. ਐਸ. ਆਈ. ਮੁਲਖ ਰਾਜ ’ਤੇ ਅਰਟੀਗੋ ਕਾਰ ਚੜ੍ਹਾ ਦਿਤੀ। ਇੰਨਾ ਹੀ ਨਹੀਂ ਕਾਰ ਕਾਫੀ ਦੂਰ ਤਕ ਮੁਲਾਜ਼ਮ ਨੂੰ ਘੜੀਸਦੀ ਲੈ ਗਈ। ਬਾਅਦ ’ਚ ਪੁਲਿਸ ਨੇ ਪਿਛਾ ਕਰ ਕੇ ਕਾਰ ਨੂੰ ਰੋਕਿਆ ਅਤੇ ਮੁੰਡੇ ਨੂੰ ਦਬੋਚਿਆ।
ਖ਼ੁਦ ਨੂੰ ਪੁਲਿਸ ਵਿਚ ਘਿਰਿਆ ਦੇਖ ਕੇ ਨੌਜਵਾਨ ਨੇ ਮੁਆਫ਼ੀਆਂ ਵੀ ਮੰਗੀਆਂ ਪਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਉਕਤ ਮੁਲਜ਼ਮ ਦੀ ਪਛਾਣ ਅਨਮੋਲ ਮਹਿਮੀ ਪੁੱਤਰ ਪਰਮਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਅਰਟੀਗਾ ਕਾਰ ਨੰਬਰ ਪੀ. ਬੀ.08-ਸੀ. ਐਸ. 6467 ਚਲਾ ਰਿਹਾ ਸੀ। ਜਦੋਂ ਉਸ ਨੂੰ ਮਿਲਕ ਬਾਰ ਚੌਕ ਨੇੜੇ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹ ਰੁਕਣ ਦੀ ਬਜਾਏ ਕਾਰ ਦੌੜਾਨ ਲੱਗਾ ਅਤੇ ਨਾਕਾ ਤੋੜ ਦਿਤਾ। ਇਸ ਦੌਰਾਨ ਉਸ ਨੇ ਡਿਊਟੀ ’ਤੇ ਤਾਇਨਾਤ ਸਬ ਇੰਸਪੈਕਟਰ ਮੁਲਖ ਰਾਜ ’ਤੇ ਚੜ੍ਹਾ ਦਿਤੀ।
File photo
ਇੰਸਪੈਕਟਰ ਨੇ ਕਿਸੇ ਤਰ੍ਹਾਂ ਕਾਰ ਦੇ ਬੋਨਟ ’ਤੇ ਛਾਲ ਮਾਰ ਕੇ ਅਪਣੀ ਜਾਨ ਬਚਾਈ ਅਤੇ ਸੜਕ ’ਤੇ ਘੜੀਸਦਾ ਗਿਆ। ਉਨ੍ਹਾਂ ਦਸਿਆ ਕਿ ਉਕਤ ਮੁਲਜ਼ਮ 20 ਸਾਲ ਦਾ ਨੌਜਵਾਨ ਹੈ, ਜੋ ਕਿ ਸਥਾਨਕ ਕਾਲਜ ’ਚ ਪੜ੍ਹਦਾ ਹੈ। ਉਸ ਦੇ ਪਿਤਾ ਇਲੈਕਟ੍ਰੀਸਿਟੀ ਦੁਕਾਨ ਦੇ ਮਾਲਕ ਹਨ। ਜਲੰਧਰ ਪੁਲਿਸ ਵਲੋਂ ਅਨਮੋਲ ਸਮੇਤ ਉਸ ਦੇ ਪਿਤਾ ਪਰਮਿੰਦਰ ਸਿੰਘ ਵਿਰੁਧ ਕਤਲ ਕਰਨ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜÎਾਂਚ ਕੀਤੀ ਜਾ ਰਹੀ ਹੈ।
ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਇਸ ਮਾਮਲੇ ’ਤੇ ਟਵੀਟ ਕੀਤਾ ਹੈ, ਜਿਸ ’ਚ ਉਨ੍ਹਾਂ ਦਸਿਆ ਕਿ ਉਕਤ ਨੌਜਵਾਨ ਅਨਮੋਲ ਮਹਿਮੀ ਅਤੇ ਕਾਰ ਮਾਲਕ ਉਸ ਦੇ ਪਿਤਾ ਪਰਮਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵਿਰੁਧ ਬਣਦੀ ਕਾਰਵਾਈ ਪੁਲਿਸ ਵਲੋਂ ਕੀਤੀ ਜਾ ਰਹੀ ਹੈ।