
ਕੁਲ 92 ਲੱਖ ਟਨ ਕਣਕ ਬੀਤੀ ਸ਼ਾਮ ਤਕ ਖ਼ਰੀਦੀ
ਚੰਡੀਗੜ੍ਹ, 3 ਮਈ (ਜੀ.ਸੀ. ਭਾਰਦਵਾਜ) : ਮੁਲਕ 'ਚ ਸਾਰੇ ਸੂਬਿਆਂ ਨਾਲੋਂ ਵੱਧ ਕਣਕ-ਝੋਨਾ ਪੈਦਾ ਕਰਨ ਵਾਲੇ ਸਰਹੱਦੀ ਸੂਬੇ ਪੰਜਾਬ ਦੀਆਂ 4 ਸਰਕਾਰੀ ਏਜੰਸੀਆਂ ਪਨਗ੍ਰੇਨ, ਪਨਸਪ, ਮਾਰਕਫ਼ੈੱਡ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਅੱਜ ਸ਼ਾਮ ਤਕ ਕਲ 135 ਲੱਖ ਟਨ ਟੀਚੇ 'ਚੋਂ 92 ਲੱਖ ਟਨ ਕਣਕ ਖ਼ਰੀਦ ਕੇ 70 ਫ਼ੀ ਸਦੀ ਤੋਂ ਵੱਧ ਪ੍ਰਾਪਤੀ ਕਰ ਲਈ ਹੈ। ਕਲ ਸ਼ਾਮ ਤਕ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਖ਼ਰੀਦ ਦੀ 9984 ਕਰੋੜ ਦੀ ਅਦਾਇਗੀ ਵੀ ਕਰ ਦਿਤੀ ਸੀ। ਕਣਕ ਖ਼ਰੀਦ ਦੇ ਪ੍ਰਬੰਧਾਂ ਵਿਚ ਜੁਟੇ ਅਨਾਜ ਸਪਲਾਈ ਮਹਿਕਮੇ ਦੇ ਇਕ ਸੀਨੀਅਰ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਕੁਲ ਕੀਤੀ ਕਣਕ ਖ਼ਰੀਦ ਦੀ 84 ਫ਼ੀ ਸਦੀ ਲਿਫ਼ਟਿੰਗ ਕਰ ਕੇ ਨਿਯਤ ਥਾਵਾਂ 'ਤੇ ਪਹੁੰਚਾ ਦਿਤੀ ਗਈ ਸੀ ਅਤੇ 4000 ਤੋਂ ਵੱਧ ਖ਼ਰੀਦ ਕੇਂਦਰਾਂ 'ਚ ਅਗਲੇ ਦਿਨਾਂ ਵਿਚ ਫ਼ਸਲ ਦੀ ਆਮਦ ਲਈ ਵੀ ਥਾਂ ਖ਼ਾਲੀ ਕੀਤੀ ਜਾ ਚੁਕੀ ਸੀ।
ਇਕ ਹੋਰ ਅਧਿਕਾਰੀ ਨੇ ਦਸਿਆ ਕਿ ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਮੰਡੀਆਂ ਵਿਚ ਭੀੜ ਘਟਾਉਣ ਲਈ ਨਿਯਮਤ ਰੂਪ ਵਿਚ 35 ਤੋਂ 40 ਹਜ਼ਾਰ ਪਾਸ, ਟੋਕਨ ਹੀ ਜਾਰੀ ਕੀਤੇ ਜਾਂਦੇ ਹਨ ਅਤੇ 15 ਅਪ੍ਰੈਲ ਤੋਂ ਸ਼ੁਰੂ ਕੀਤੀ ਖ਼ਰੀਦ ਤੋਂ ਲੈ ਕੇ ਹੁਣ ਤਕ 12 ਲੱਖ ਦੇ ਕਰੀਬ ਟੋਕਨ ਹੀ ਵੱਖ-ਵੱਖ ਦਿਨਾਂ ਲਈ ਕਿਸਾਨਾਂ ਨੂੰ ਜਾਰੀ ਕੀਤੇ ਹਨ।
ਅਨਾਜ ਸਪਲਾਈ ਮਹਿਕਮੇ ਦੀ ਡਾਇਰੈਕਟਰ ਅਨੰਦਿਤਾ ਮਿੱਤਰਾ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਰੋਜ਼ਾਨਾ ਮੰਡੀਆਂ ਵਿਚ ਸਵਾ 5 ਲੱਖ ਟਨ ਕਣਕ ਹੀ ਲਿਆਉਣ ਦੀ ਇਜਾਜ਼ਤ ਦਿਤੀ ਜਾਂਦੀ ਹੈ ਅਤੇ ਇਸ ਤੋਂ ਵੱਧ ਯਾਨੀ 6 ਲੱਖ ਟਨ ਦੀ ਖ਼ਰੀਦ ਕਰ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੁਲ ਆਮਦ ਦੀ 98 ਫ਼ੀ ਸਦੀ ਖ਼ਰੀਦ ਹੋ ਜਾਂਦੀ ਹੈ ਅਤੇ ਅਦਾਇਗੀ ਵੀ 86 ਫ਼ੀ ਸਦੀ ਤਕ ਹੋ ਚੁਕੀ ਹੈ। ਸਰਕਾਰੀ ਏਜੰਸੀਆਂ ਨੇ ਕੁਲ 12775.71 ਕਰੋੜ ਦੀ ਅਦਾਇਗੀ ਕਰਨੀ ਹੈ, ਜਿਸ 'ਚੋਂ 9984.56 ਕਰੋੜ ਹੋ ਚੁਕੀ ਹੈ।
ਅਨੰਦਿਤਾ ਮਿੱਤਰ ਾਨੇ ਦਸਿਆ ਕਿ ਪਨਗ੍ਰੇਨ ਨੇ ਹੁਣ ਤਕ 20 ਲੱਖ ਟਨ ਦੇ ਲਗਭਗ, ਮਾਰਕਫ਼ੈੱਡ ਨੇ 20.25 ਲੱਖ ਟਨ, ਪਨਸਪ ਨੇ 18.75 ਲੱਖ ਟਨ ਅਤੇ ਵੇਅਰਹਾਊਸਿੰਗ ਨੇ 12.70 ਲੱਖ ਟਨ ਕਣਕ ਦੀ ਖ਼ਰੀਦ ਕਰ ਲਈ ਹੈ। ਕੇਂਦਰੀ ਏਜੰਸੀ ਐਫ਼.ਸੀ.ਆਈ. ਨੇ ਸਿਰਫ਼ 9.48 ਲੱਖ ਟਨ ਕਣਕ ਹੀ ਖ਼ਰੀਦੀ ਹੈ ਜੋ ਕੁਲ ਦਾ 11 ਫ਼ੀ ਸਦੀ ਹੈ।
ਅਨਾਜ ਸਪਲਾਈ ਡਾਇਰੈਕਟਰ ਦਾ ਕਹਿਣਾ ਹੈ ਕਿ ਪਿਛਲੇ ਸਾਲ 1834 ਮੰਡੀਆਂ ਦੇ ਮੁਕਾਬਲੇ ਐਤਕੀਂ 4300 ਥਾਵਾਂ 'ਤੇ ਕਣਕ ਦੀ ਖ਼ਰੀਦ ਪ੍ਰਬੰਧ ਕਰ ਕੇ ਲਗਦਾ ਹੈ ਕਿ 15 ਜੂਨ ਤਕ ਮਿੱਥੇ ਟੀਚੇ ਨਾਲੋਂ ਕਈ ਦਿਨ ਪਹਿਲਾਂ ਹੀ, ਯਾਨੀ 20 ਮਈ ਤਕ ਹੀ ਕਣਕ ਖ਼ਰੀਦ ਦਾ ਵੱਡਾ ਕੰਮ ਨੇਪਰੇ ਚਾੜ੍ਹ ਦਿਤਾ ਜਾਵੇਗਾ। ਜੇ ਮੌਸਮ ਠੀਕ ਤੇ ਗਰਮ ਚਲਦਾ ਰਿਹਾ ਹੈ ਤਾਂ ਕਣਕ ਦੀ ਸੰਭਾਵੀ ਕੁਲ ਪੈਦਾਵਾਰ 182-185 ਲੱਖ ਟਨ 'ਚੋਂ ਖ਼ਰੀਦ ਟੀਚਾ 135 ਲੱਖ ਟਨ ਦਾ ਇਸੇ ਮਹੀਨੇ ਪੂਰਾ ਹੋ ਜਾਵੇਗਾ।